- ਰਾਜਨੀਤੀ ਤੋਂ ਉੱਪਰ ਉੱਠ ਕੇ ਕੰਮ ‘ਤੇ ਪਰਤੋ
ਕੋਲਕਾਤਾ, 20 ਅਕਤੂਬਰ 2024 – ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੋਲਕਾਤਾ ਦੇ ਆਰਜੀ ਕਾਰ ਮੈਡੀਕਲ ਕਾਲਜ ਵਿੱਚ ਟ੍ਰੇਨੀ ਡਾਕਟਰ ਦੇ ਬਲਾਤਕਾਰ-ਕਤਲ ਦੇ ਵਿਰੋਧ ਵਿੱਚ ਭੁੱਖ ਹੜਤਾਲ ’ਤੇ ਬੈਠੇ ਡਾਕਟਰਾਂ ਨੂੰ ਭੁੱਖ ਹੜਤਾਲ ਖ਼ਤਮ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਡਾਕਟਰਾਂ ਦੀਆਂ ਬਹੁਤੀਆਂ ਮੰਗਾਂ ਪੂਰੀਆਂ ਹੋ ਚੁੱਕੀਆਂ ਹਨ, ਪਰ ਸਿਹਤ ਸਕੱਤਰ ਨੂੰ ਹਟਾਉਣ ਦੀ ਮੰਗ ਨੂੰ ਰੱਦ ਕਰ ਦਿੱਤਾ।
ਮਮਤਾ ਨੇ ਕਿਹਾ- ‘ਹਰ ਕਿਸੇ ਨੂੰ ਵਿਰੋਧ ਕਰਨ ਦਾ ਅਧਿਕਾਰ ਹੈ, ਪਰ ਇਸ ਨਾਲ ਸਿਹਤ ਸੇਵਾਵਾਂ ਪ੍ਰਭਾਵਿਤ ਨਹੀਂ ਹੋਣੀਆਂ ਚਾਹੀਦੀਆਂ। ਇੱਕ ਵਿਭਾਗ ਵਿੱਚ ਸਾਰਿਆਂ ਨੂੰ ਇੱਕੋ ਵਾਰ ਬਰਖਾਸਤ ਕਰਨਾ ਸੰਭਵ ਨਹੀਂ ਹੈ। ਅਸੀਂ ਪਹਿਲਾਂ ਹੀ DHS ਅਤੇ DME ਨੂੰ ਹਟਾ ਦਿੱਤਾ ਹੈ, ਇਸ ਲਈ ਰਾਜਨੀਤੀ ਤੋਂ ਉੱਪਰ ਉੱਠ ਕੇ ਕੰਮ ‘ਤੇ ਵਾਪਸ ਜਾਓ।
ਟ੍ਰੇਨੀ ਡਾਕਟਰਾਂ ਨੂੰ ਇਨਸਾਫ਼ ਅਤੇ ਮੈਡੀਕਲ ਸਹੂਲਤਾਂ ਵਿੱਚ ਸੁਧਾਰ ਦੀ ਮੰਗ ਨੂੰ ਲੈ ਕੇ ਜੂਨੀਅਰ ਡਾਕਟਰ ਪਿਛਲੇ 15 ਦਿਨਾਂ ਤੋਂ ਭੁੱਖ ਹੜਤਾਲ ’ਤੇ ਹਨ। ਹੁਣ ਤੱਕ ਛੇ ਡਾਕਟਰ ਸਿਹਤ ਖ਼ਰਾਬ ਹੋਣ ਕਾਰਨ ਹਸਪਤਾਲ ਦਾਖ਼ਲ ਹੋ ਚੁੱਕੇ ਹਨ, ਜਦੋਂ ਕਿ ਅੱਠ ਹੋਰ ਅਣਮਿੱਥੇ ਸਮੇਂ ਲਈ ਮਰਨ ਵਰਤ ’ਤੇ ਹਨ। ਡਾਕਟਰਾਂ ਦੀ ਮੰਗ ਹੈ ਕਿ ਸੂਬਾ ਸਰਕਾਰ 21 ਅਕਤੂਬਰ ਤੱਕ ਸਮੱਸਿਆ ਦੇ ਹੱਲ ਲਈ ਠੋਸ ਕਦਮ ਚੁੱਕੇ।
ਮੁੱਖ ਸਕੱਤਰ ਮਨੋਜ ਪੰਤ ਨੇ ਸ਼ਨੀਵਾਰ ਸ਼ਾਮ ਨੂੰ ਡਾਕਟਰਾਂ ਨੂੰ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਸੋਮਵਾਰ ਨੂੰ ਰਾਜ ਸਕੱਤਰੇਤ ‘ਚ 45 ਮਿੰਟ ਦੀ ਬੈਠਕ ਲਈ ਸੱਦਾ ਦਿੱਤਾ। ਹਾਲਾਂਕਿ ਉਨ੍ਹਾਂ ਡਾਕਟਰਾਂ ਨੂੰ ਭੁੱਖ ਹੜਤਾਲ ਖਤਮ ਕਰਨ ਦੀ ਅਪੀਲ ਕੀਤੀ। ਇਸ ਦੇ ਜਵਾਬ ਵਿੱਚ ਡਾਕਟਰਾਂ ਨੇ ਆਪਣੀਆਂ ਸਾਰੀਆਂ ਮੰਗਾਂ ਪੂਰੀਆਂ ਹੋਣ ਤੱਕ ਮਰਨ ਵਰਤ ਖ਼ਤਮ ਕਰਨ ਤੋਂ ਇਨਕਾਰ ਕਰ ਦਿੱਤਾ ਪਰ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਸਹਿਮਤੀ ਪ੍ਰਗਟਾਈ।