ਕੋਲਕਾਤਾ, 15 ਅਗਸਤ 2024 – ਕੋਲਕਾਤਾ ਦੇ ਆਰਜੀਕਰ ਮੈਡੀਕਲ ਕਾਲਜ ਵਿੱਚ ਇੱਕ ਸਿਖਿਆਰਥੀ ਡਾਕਟਰ ਨਾਲ ਬਲਾਤਕਾਰ ਅਤੇ ਹੱਤਿਆ ਦੇ ਵਿਰੋਧ ਵਿੱਚ ਪ੍ਰਦਰਸ਼ਨ ਵੀਰਵਾਰ ਰਾਤ ਨੂੰ ਹਿੰਸਕ ਹੋ ਗਿਆ। ਭੀੜ ਪੁਲੀਸ ਬੈਰੀਕੇਡ ਤੋੜ ਕੇ ਕਾਲਜ ਵਿੱਚ ਦਾਖ਼ਲ ਹੋ ਗਈ। ਇਹ ਸਪੱਸ਼ਟ ਨਹੀਂ ਹੈ ਕਿ ਇਹ ਲੋਕ ਕੌਣ ਸਨ। ਭਾਜਪਾ ਅਤੇ ਤ੍ਰਿਣਮੂਲ ਕਾਂਗਰਸ ਦੋਵੇਂ ਹੀ ਪ੍ਰਦਰਸ਼ਨਕਾਰੀਆਂ ਵਿਚਾਲੇ ਦੰਗਾਕਾਰੀਆਂ ਨੂੰ ਭੇਜਣ ਦਾ ਦੋਸ਼ ਲਗਾ ਰਹੀਆਂ ਹਨ।
ਪਹਿਲਾਂ ਇਸ ਭੀੜ ਨੇ ਪੁਲਿਸ ਦੀਆਂ ਗੱਡੀਆਂ ਦੀ ਭੰਨਤੋੜ ਕੀਤੀ ਅਤੇ ਪੁਲਿਸ ‘ਤੇ ਪਥਰਾਅ ਕੀਤਾ। ਇਸ ਤੋਂ ਬਾਅਦ ਭੀੜ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਵੀ ਦਾਖਲ ਹੋ ਗਈ ਅਤੇ ਇੱਥੇ ਵੀ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ ਗਿਆ।
ਭੰਨਤੋੜ ਕਰਨ ਵਾਲੇ ਜ਼ਿਆਦਾ ਸਨ ਅਤੇ ਪੁਲਿਸ ਬਲ ਘੱਟ, ਇਸ ਲਈ ਉਹ ਭੀੜ ਨੂੰ ਕਾਬੂ ਨਹੀਂ ਕਰ ਸਕੇ। ਉਨ੍ਹਾਂ ਨੂੰ ਕਾਬੂ ਕਰਨ ਲਈ ਪੁਲਿਸ ਨੇ ਲਾਠੀਚਾਰਜ ਕੀਤਾ ਅਤੇ ਅੱਥਰੂ ਗੈਸ ਦੇ ਗੋਲੇ ਛੱਡੇ। ਸੋਸ਼ਲ ਮੀਡੀਆ ‘ਤੇ ਦੱਸਿਆ ਜਾ ਰਿਹਾ ਹੈ ਕਿ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਇਕ ਹਜ਼ਾਰ ਤੋਂ ਵੱਧ ਸੀ।
ਇਸ ਹਿੰਸਕ ਪ੍ਰਦਰਸ਼ਨ ਬਾਰੇ ਕੋਲਕਾਤਾ ਦੇ ਪੁਲਿਸ ਕਮਿਸ਼ਨਰ ਵਿਨੀਤ ਗੋਇਲ ਨੇ ਕਿਹਾ ਕਿ ਇੱਥੇ ਜੋ ਵੀ ਹੋਇਆ ਉਹ ਗਲਤ ਮੀਡੀਆ ਮੁਹਿੰਮ ਕਾਰਨ ਹੋਇਆ। ਕੋਲਕਾਤਾ ਪੁਲਿਸ ਦੇ ਖਿਲਾਫ ਇਹ ਭੈੜੀ ਮੁਹਿੰਮ ਚਲਾਈ ਜਾ ਰਹੀ ਸੀ। ਕੋਲਕਾਤਾ ਪੁਲਿਸ ਨੇ ਕੀ ਨਹੀਂ ਕੀਤਾ ? ਅਸੀਂ ਇਸ ਮਾਮਲੇ ਵਿੱਚ ਹਰ ਸੰਭਵ ਕੋਸ਼ਿਸ਼ ਕੀਤੀ ਹੈ… ਅਸੀਂ ਪਰਿਵਾਰ ਨੂੰ ਸੰਤੁਸ਼ਟ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਸਾਡੇ ਖਿਲਾਫ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ।
ਉਸਨੇ ਕਿਹਾ- ਮੈਂ ਬਹੁਤ ਗੁੱਸੇ ਵਿੱਚ ਹਾਂ। ਅਸੀਂ ਅਜੇ ਤੱਕ ਕੁਝ ਵੀ ਗਲਤ ਨਹੀਂ ਕੀਤਾ ਹੈ ਕਿਉਂਕਿ ਗਲਤ ਮੀਡੀਆ ਮੁਹਿੰਮ ਕਾਰਨ ਲੋਕਾਂ ਨੇ ਕੋਲਕਾਤਾ ਪੁਲਸ ‘ਤੇ ਭਰੋਸਾ ਕਰਨਾ ਛੱਡ ਦਿੱਤਾ ਹੈ। ਅਸੀਂ ਕਦੇ ਨਹੀਂ ਕਿਹਾ ਕਿ ਇਸ ਕੇਸ ਵਿੱਚ ਸਿਰਫ਼ ਇੱਕ ਹੀ ਮੁਲਜ਼ਮ ਹੈ। ਅਸੀਂ ਕਿਹਾ ਕਿ ਅਸੀਂ ਵਿਗਿਆਨਕ ਸਬੂਤਾਂ ਦੀ ਉਡੀਕ ਕਰ ਰਹੇ ਹਾਂ ਅਤੇ ਇਸ ਵਿੱਚ ਸਮਾਂ ਲੱਗਦਾ ਹੈ। ਮੈਂ ਸਿਰਫ ਅਫਵਾਹਾਂ ਦੇ ਆਧਾਰ ‘ਤੇ ਪੀਜੀ ਦੇ ਨੌਜਵਾਨ ਵਿਦਿਆਰਥੀ ਨੂੰ ਗ੍ਰਿਫਤਾਰ ਨਹੀਂ ਕਰ ਸਕਦਾ, ਇਹ ਮੇਰੀ ਜ਼ਮੀਰ ਦੇ ਵਿਰੁੱਧ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਮੀਡੀਆ ਦਾ ਬਹੁਤ ਦਬਾਅ ਹੈ। ਮੈਂ ਸਾਫ਼ ਕਿਹਾ ਹੈ ਕਿ ਅਸੀਂ ਉਹੀ ਕੀਤਾ ਜੋ ਸਹੀ ਸੀ। ਹੁਣ ਜਾਂਚ ਸੀਬੀਆਈ ਕੋਲ ਹੈ। ਉਹ ਨਿਰਪੱਖ ਜਾਂਚ ਕਰੇਗੀ। ਅਸੀਂ ਸੀਬੀਆਈ ਨੂੰ ਪੂਰਾ ਸਹਿਯੋਗ ਦੇਵਾਂਗੇ। ਇੱਥੇ ਬਹੁਤ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ। ਬਦਕਿਸਮਤੀ ਨਾਲ, ਜੋ ਵਿਗਿਆਨਕ ਸਬੂਤ ਮਿਲੇ ਹਨ, ਉਹ ਇਨ੍ਹਾਂ ਅਫਵਾਹਾਂ ਦਾ ਸਮਰਥਨ ਨਹੀਂ ਕਰਦੇ ਹਨ।
ਤ੍ਰਿਣਮੂਲ ਕਾਂਗਰਸ ਦੇ ਰਾਸ਼ਟਰੀ ਜਨਰਲ ਸਕੱਤਰ ਅਤੇ ਲੋਕ ਸਭਾ ਮੈਂਬਰ ਅਭਿਸ਼ੇਕ ਬੈਨਰਜੀ ਨੇ ਐਕਸ ‘ਤੇ ਪੋਸਟ ਕੀਤਾ ਕਿ ਅੱਜ ਰਾਤ ਨੂੰ ਕਾਲਜ ਵਿੱਚ ਗੁੰਡਾਗਰਦੀ ਅਤੇ ਤੋੜ-ਫੋੜ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਮੈਂ ਕੋਲਕਾਤਾ ਦੇ ਪੁਲਿਸ ਕਮਿਸ਼ਨਰ ਨਾਲ ਗੱਲ ਕੀਤੀ ਹੈ ਅਤੇ ਉਨ੍ਹਾਂ ਨੂੰ ਕਿਹਾ ਹੈ ਕਿ ਉਹ ਇਸ ਹਿੰਸਾ ਲਈ ਜ਼ਿੰਮੇਵਾਰ ਹਰ ਵਿਅਕਤੀ ਦੀ ਪਛਾਣ ਕਰਨ ਅਤੇ ਅਗਲੇ 24 ਘੰਟਿਆਂ ਦੇ ਅੰਦਰ ਉਨ੍ਹਾਂ ਨੂੰ ਨਿਆਂ ਦੇ ਘੇਰੇ ਵਿੱਚ ਲਿਆਉਣ, ਚਾਹੇ ਉਨ੍ਹਾਂ ਦਾ ਸਿਆਸੀ ਸਬੰਧ ਕੋਈ ਵੀ ਹੋਵੇ। ਧਰਨਾਕਾਰੀ ਡਾਕਟਰਾਂ ਦੀਆਂ ਮੰਗਾਂ ਸਹੀ ਹਨ। ਕੀ ਉਹ ਸਰਕਾਰ ਤੋਂ ਇੰਨੀ ਉਮੀਦ ਨਹੀਂ ਰੱਖ ਸਕਦੇ ? ਉਨ੍ਹਾਂ ਦੀ ਸੁਰੱਖਿਆ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ।