ਨਵੀਂ ਦਿੱਲੀ, 2 ਅਪ੍ਰੈਲ 2023 – ਮਹਾਰਾਸ਼ਟਰ ਤੋਂ ਰਾਜ ਸਭਾ ਮੈਂਬਰ ਅਤੇ ਊਧਵ ਧੜੇ ਦੇ ਨੇਤਾ ਸੰਜੇ ਰਾਉਤ ਨੂੰ ਲਾਰੈਂਸ ਗੈਂਗ ਨੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਉਸ ਨੂੰ ਇਹ ਧਮਕੀ ਵਟਸਐਪ ਮੈਸੇਜ ਰਾਹੀਂ ਦਿੱਤੀ ਗਈ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਤੇਰੀ ਹਾਲਤ ਵੀ ਮੂਸੇਵਾਲਾ ਵਰਗੀ ਹੋਵੇਗੀ। ਦਿੱਲੀ ‘ਚ ਮਿਲੇ ਤਾਂ AK-47 ਨਾਲ ਉਡਾ ਦਿੱਤਾ ਜਾਵੇਗਾ। ਸਲਮਾਨ ਅਤੇ ਤੁਸੀਂ ਪੱਕੇ ਹੋ। ਪੁਲਿਸ ਨੇ ਦੱਸਿਆ ਕਿ ਸੰਜੇ ਨੇ ਵੀ ਸ਼ਿਕਾਇਤ ਦਰਜ ਕਰਵਾਈ ਹੈ। ਅਸੀਂ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਰਾਉਤ ਨੇ ਮੁੰਬਈ ਦੇ ਕੰਜੂਰ ਮਾਰਗ ਪੁਲਿਸ ਸਟੇਸ਼ਨ ‘ਚ ਲਾਰੈਂਸ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਹੈ। ਪੁਲਿਸ ਨੇ ਪੁਣੇ ਤੋਂ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਹੈ। ਰਾਉਤ ਨੂੰ ਧਮਕੀਆਂ ਮਿਲਣ ਦੇ ਸਬੰਧ ਵਿਚ ਉਕਤ ਵਿਅਕਤੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਸੰਜੇ ਰਾਉਤ ਨੇ ਕਿਹਾ ਕਿ ਉਨ੍ਹਾਂ ਨੂੰ ਧਮਕੀ ਭਰਿਆ ਸੁਨੇਹਾ ਮਿਲਿਆ ਹੈ। ਮੈਂ ਇਸ ਦੀ ਸ਼ਿਕਾਇਤ ਥਾਣੇ ਵਿੱਚ ਕਰ ਦਿੱਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਮੈਂ ਡਰਾਂਗਾ ਨਹੀਂ। ਪਹਿਲਾਂ ਵੀ ਮੇਰੇ ‘ਤੇ ਹਮਲਾ ਕਰਨ ਦੀਆਂ ਕੋਸ਼ਿਸ਼ਾਂ ਹੋਈਆਂ ਹਨ। ਉਨ੍ਹਾਂ ਪੁਲਿਸ ਅਤੇ ਸਰਕਾਰ ‘ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਪੁਲਿਸ ਕੀ ਕਰ ਰਹੀ ਹੈ ? ਗ੍ਰਹਿ ਮੰਤਰੀ ਕੀ ਕਰ ਰਹੇ ਹਨ ? ਰਾਉਤ ਨੇ ਕਿਹਾ ਕਿ ਮਹਾਰਾਸ਼ਟਰ ‘ਚ ਨਵੀਂ ਸਰਕਾਰ ਦੇ ਸੱਤਾ ‘ਚ ਆਉਣ ਤੋਂ ਬਾਅਦ ਮੇਰੀ ਸੁਰੱਖਿਆ ਹਟਾ ਦਿੱਤੀ ਗਈ ਸੀ। ਇਸ ਤੋਂ ਬਾਅਦ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ।
ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਕਿ ਰਾਉਤ ਨੂੰ ਧਮਕੀ ਦੇਣ ਵਾਲੇ ਵਿਅਕਤੀ ਦੀ ਪਛਾਣ ਕਰ ਲਈ ਗਈ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਕਤ ਵਿਅਕਤੀ ਨੇ ਸ਼ਰਾਬ ਦੇ ਨਸ਼ੇ ‘ਚ ਇਹ ਧਮਕੀ ਦਿੱਤੀ ਸੀ। ਹਾਲਾਂਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਵੀ ਕੀਤੀ ਜਾਵੇਗੀ।