- ਗੋਲਡੀ ਬਰਾੜ ਨੇ ਸਲੀਮ ਖਾਨ ਨੂੰ ਸੌਂਪੀ ਸੀ ਇਹ ਚਿੱਠੀ
ਮੁੰਬਈ, 11 ਜੂਨ 2022 – ਬਾਲੀਵੁਡ ਸੁਪਰਸਟਾਰ ਸਲਮਾਨ ਖਾਨ ਨੂੰ ਧਮਕੀ ਭਰੀ ਚਿੱਠੀ ਮਿਲਣ ਦੇ ਮਾਮਲੇ ‘ਚ ਮੁੰਬਈ ਕ੍ਰਾਈਮ ਬ੍ਰਾਂਚ ਨੇ ਵੱਡਾ ਖੁਲਾਸਾ ਕੀਤਾ ਹੈ। ਦਰਅਸਲ, ਮੁੰਬਈ ਕ੍ਰਾਈਮ ਬ੍ਰਾਂਚ ਲਾਰੈਂਸ ਦੇ ਕਰੀਬੀ ਸੌਰਭ ਮਹਾਕਾਲ ਤੋਂ ਪੁੱਛਗਿੱਛ ਕਰਨ ਲਈ ਪੁਣੇ ਪਹੁੰਚੀ ਸੀ। ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਸਲਮਾਨ ਖਾਨ ਨੂੰ ਇਹ ਚਿੱਠੀ ਗੈਂਗਸਟਰ ਲਾਰੈਂਸ ਦੇ ਵੱਲੋਂ ਹੀ ਭੇਜੀ ਗਈ ਸੀ। ਮਾਮਲੇ ਦੇ ਖੁਲਾਸੇ ਤੋਂ ਬਾਅਦ ਪੁਲਿਸ ਦੀਆਂ 6 ਟੀਮਾਂ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਰਵਾਨਾ ਹੋਈਆਂ ਹਨ।
ਨਿਊਜ਼ ਏਜੰਸੀ ਏਐਨਆਈ ਦੀ ਰਿਪੋਰਟ ਦੇ ਮੁਤਾਬਕ ਮੁੰਬਈ ਪੁਲਿਸ ਨੇ ਦੱਸਿਆ ਕਿ ਇਹ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਸੀ ਜਿਸ ਨੇ ਸਲਮਾਨ ਖਾਨ ਅਤੇ ਉਸਦੇ ਪਿਤਾ ਸਲੀਮ ਖਾਨ ਨੂੰ ਧਮਕੀ ਭਰੀ ਚਿੱਠੀ ਲਿਖੀ ਸੀ। ਲਾਰੈਂਸ ਦੇ ਗੈਂਗ ਦੇ ਤਿੰਨ ਲੋਕ ਰਾਜਸਥਾਨ ਦੇ ਜਲੌਰ ਤੋਂ ਮੁੰਬਈ ਵਿੱਚ ਚਿੱਠੀ ਛੱਡਣ ਆਏ ਸਨ। ਚਿੱਠੀ ਛੱਡਣ ਤੋਂ ਬਾਅਦ ਤਿੰਨਾਂ ਨੇ ਦੋਸ਼ੀ ਸੌਰਭ ਮਹਾਕਾਲ ਨਾਲ ਵੀ ਮੁਲਾਕਾਤ ਕੀਤੀ ਸੀ।
ਪੁਲਿਸ ਮੁਤਾਬਕ ਸੌਰਭ ਨੇ ਇਹ ਵੀ ਦੱਸਿਆ ਕਿ ਇਹ ਚਿੱਠੀ ਗੋਲਡੀ ਬਰਾੜ ਰਾਹੀਂ ਸਲੀਮ ਖਾਨ ਤੱਕ ਪਹੁੰਚਾਈ ਗਈ ਸੀ। ਮੁੰਬਈ ਪੁਲਿਸ ਨੇ ਅੱਗੇ ਕਿਹਾ ਕਿ ਅਪਰਾਧ ਸ਼ਾਖਾ ਨੇ ਪੱਤਰ ਭੇਜਣ ਵਾਲੇ ਲੋਕਾਂ ਦੀ ਪਛਾਣ ਕਰ ਲਈ ਹੈ। ਉਸ ਨਾਲ ਸਬੰਧਤ ਕੁਝ ਸੁਰਾਗ ਵੀ ਮਿਲੇ ਹਨ। ਜਲਦੀ ਹੀ ਉਨ੍ਹਾਂ ਨੂੰ ਫੜ ਲਿਆ ਜਾਵੇਗਾ।

ਵਿਕਰਮਜੀਤ ਬਰਾੜ ਰਾਜਸਥਾਨ ਦੇ ਹਨੂੰਮਾਨਗੜ੍ਹ ਦਾ ਰਹਿਣ ਵਾਲਾ ਹੈ। ਉਹ ਰਾਜਸਥਾਨ ਦੇ ਗੈਂਗਸਟਰ ਆਨੰਦਪਾਲ ਸਿੰਘ ਦਾ ਕਰੀਬੀ ਸੀ ਪਰ ਉਸ ਦੇ ਐਨਕਾਊਂਟਰ ਤੋਂ ਬਾਅਦ ਉਹ ਲਾਰੈਂਸ ਦੇ ਗੈਂਗ ਵਿੱਚ ਸ਼ਾਮਲ ਹੋ ਗਿਆ। ਹੁਣ ਇਹ ਲਾਰੈਂਸ ਦੇ ਨੇੜੇ ਹੈ ਅਤੇ ਇਹੀ ਉਸਦਾ ਸਾਰਾ ਕੰਮ ਕਰਦਾ ਹੈ। ਬਰਾੜ ਖ਼ਿਲਾਫ਼ ਦੋ ਦਰਜਨ ਤੋਂ ਵੱਧ ਕੇਸ ਦਰਜ ਹਨ।
ਜਦੋਂ ਬਾਂਦਰਾ ਪੁਲਸ ਨੇ ਸਲਮਾਨ ਤੋਂ ਗੈਂਗਸਟਰ ਗੋਲਡੀ ਬਰਾੜ ਅਤੇ ਲਾਰੈਂਸ ਬਾਰੇ ਪੁੱਛਿਆ। ਇਸ ‘ਤੇ ਸਲਮਾਨ ਨੇ ਕਿਹਾ, ‘ਮੈਨੂੰ ਧਮਕੀ ਭਰੇ ਪੱਤਰ ਨੂੰ ਲੈ ਕੇ ਕਿਸੇ ‘ਤੇ ਸ਼ੱਕ ਨਹੀਂ ਹੈ। ਅੱਜ ਕੱਲ੍ਹ ਮੇਰੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ। ਮੈਂ 2018 ਵਿੱਚ ਲਾਰੈਂਸ ਬਾਰੇ ਸੁਣਿਆ ਕਿਉਂਕਿ ਉਦੋਂ ਉਸਨੇ ਮੈਨੂੰ ਧਮਕੀ ਦਿੱਤੀ ਸੀ, ਪਰ ਮੈਂ ਗੋਲਡੀ ਨੂੰ ਨਹੀਂ ਜਾਣਦਾ।’
ਇਹ ਸਾਰਾ ਮਾਮਲਾ ਐਤਵਾਰ ਸਵੇਰੇ ਉਸ ਸਮੇਂ ਸਾਹਮਣੇ ਆਇਆ ਜਦੋਂ ਸਲਮਾਨ ਦੇ ਪਿਤਾ ਸਲੀਮ ਸਵੇਰ ਦੀ ਸੈਰ ‘ਤੇ ਨਿਕਲੇ ਸਨ। ਪੈਦਲ ਚੱਲਣ ਤੋਂ ਬਾਅਦ ਸਲੀਮ ਖਾਨ ਨੂੰ ਇੱਕ ਅਣਜਾਣ ਪੱਤਰ ਮਿਲਿਆ, ਜਿਸ ਵਿੱਚ ਉਸਨੂੰ ਅਤੇ ਸਲਮਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ। ਇਸ ਤੋਂ ਬਾਅਦ ਸਲੀਮ ਖਾਨ ਨੇ ਆਪਣੇ ਸੁਰੱਖਿਆ ਕਰਮਚਾਰੀਆਂ ਦੀ ਮਦਦ ਨਾਲ ਪੁਲਸ ਨਾਲ ਸੰਪਰਕ ਕੀਤਾ ਅਤੇ ਇਸ ਸਬੰਧ ‘ਚ ਬਾਂਦਰਾ ਪੁਲਸ ਸਟੇਸ਼ਨ ‘ਚ ਮਾਮਲਾ ਦਰਜ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਹਾਲ ਹੀ ‘ਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਦਿਨ-ਦਿਹਾੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਜਿਸ ਤੋਂ ਬਾਅਦ ਦਿੱਲੀ ਦੀ ਤਿਹਾੜ ਜੇਲ ‘ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਨਾਂ ਮੀਡੀਆ ‘ਚ ਆਇਆ ਸੀ। ਲਾਰੈਂਸ ਬਿਸ਼ਨੋਈ ਨੇ ਕਥਿਤ ਤੌਰ ‘ਤੇ ਕਾਲਾ ਹਿਰਨ ਸ਼ਿਕਾਰ ਮਾਮਲੇ ‘ਚ ਸਲਮਾਨ ਖਾਨ ਨੂੰ ਮਾਰਨ ਦੀ ਸਾਜ਼ਿਸ਼ ਰਚੀ ਸੀ। ਬਿਸ਼ਨੋਈ ਭਾਈਚਾਰਾ ਕਾਲੇ ਹਿਰਨ ਨੂੰ ਪਵਿੱਤਰ ਮੰਨਦਾ ਹੈ, ਇਸ ਲਈ ਲਾਰੈਂਸ ਨੇ ਇਸ ਦੇ ਸ਼ਿਕਾਰ ਦੇ ਦੋਸ਼ੀ ਸਲਮਾਨ ਖਾਨ ਨੂੰ ਮਾਰਨ ਦੀ ਧਮਕੀ ਦਿੱਤੀ ਸੀ।
2018 ਵਿੱਚ ਲਾਰੇਂਸ ਬਿਸ਼ਨੋਈ ਨੇ ਅਦਾਲਤ ਦੇ ਬਾਹਰ ਕਿਹਾ ਸੀ ਕਿ ਉਹ ਜੋਧਪੁਰ ਵਿੱਚ ਸਲਮਾਨ ਖਾਨ ਨੂੰ ਮਾਰ ਦੇਣਗੇ। ਉਸ ਨੇ ਇਹ ਵੀ ਕਿਹਾ ਸੀ, ‘ਮੈਂ ਅਜੇ ਕੁਝ ਨਹੀਂ ਕੀਤਾ, ਪਰ ਜਦੋਂ ਮੈਂ ਸਲਮਾਨ ਖਾਨ ਨੂੰ ਮਾਰਾਂਗਾ। ਇਸ ਸਮੇਂ ਮੈਨੂੰ ਬੇਲੋੜੀਆਂ ਗੱਲਾਂ ਵਿੱਚ ਘਸੀਟਿਆ ਜਾ ਰਿਹਾ ਹੈ।
