ਨਵੀਂ ਦਿੱਲੀ, 31 ਜੁਲਾਈ 2024 – ਲੈਫਟੀਨੈਂਟ ਜਨਰਲ ਸਾਧਨਾ ਸਕਸੈਨਾ ਨਾਇਰ ਨੂੰ ਆਰਮੀ ਮੈਡੀਕਲ ਸਰਵਿਸਿਜ਼ ਦੇ ਡਾਇਰੈਕਟਰ ਜਨਰਲ ਵਜੋਂ ਨਿਯੁਕਤ ਕੀਤਾ ਗਿਆ ਹੈ। ਲੈਫਟੀਨੈਂਟ ਜਨਰਲ ਸਾਧਨਾ ਸਕਸੈਨਾ ਨਾਇਰ ਭਲਕੇ ਮੈਡੀਕਲ ਸੇਵਾਵਾਂ (ਫ਼ੌਜ) ਦੇ ਡਾਇਰੈਕਟਰ ਜਨਰਲ ਵਜੋਂ ਅਹੁਦਾ ਸੰਭਾਲਣਗੇ। ਇਸ ਅਹੁਦੇ ‘ਤੇ ਨਿਯੁਕਤ ਹੋਣ ਵਾਲੀ ਉਹ ਪਹਿਲੀ ਮਹਿਲਾ ਹੈ। ਇਸ ਤੋਂ ਪਹਿਲਾਂ ਉਹ ਹਸਪਤਾਲ ਸੇਵਾਵਾਂ (ਆਰਮਡ ਫੋਰਸਿਜ਼) ਦੇ ਡਾਇਰੈਕਟਰ ਜਨਰਲ ਦਾ ਅਹੁਦਾ ਸੰਭਾਲਣ ਵਾਲੀ ਪਹਿਲੀ ਮਹਿਲਾ ਵੀ ਬਣ ਗਈ ਸੀ।
ਉਸ ਨੂੰ ਭਾਰਤੀ ਹਵਾਈ ਸੈਨਾ ਦੇ ਡਾਕਟਰਾਂ ਦੀ ਧੀ ਅਤੇ ਭੈਣ ਦੇ ਨਾਲ-ਨਾਲ ਭਾਰਤੀ ਹਵਾਈ ਸੈਨਾ ਦੇ ਲੜਾਕੂ ਪਾਇਲਟਾਂ ਦੀ ਪਤਨੀ ਅਤੇ ਮਾਂ ਹੋਣ ਦਾ ਮਾਣ ਪ੍ਰਾਪਤ ਹੈ। ਉਨ੍ਹਾਂ ਦੇ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਨੇ ਪਿਛਲੇ ਸੱਤ ਦਹਾਕਿਆਂ ਤੋਂ ਭਾਰਤੀ ਹਵਾਈ ਸੈਨਾ ਵਿੱਚ ਸੇਵਾ ਨਿਭਾਈ ਹੈ।
ਸਾਧਨਾ ਨੇ ਵਿਦੇਸ਼ ਵਿੱਚ CBRN (ਕੈਮੀਕਲ, ਬਾਇਓਲੋਜੀਕਲ, ਰੇਡੀਓਲਾਜੀਕਲ ਅਤੇ ਨਿਊਕਲੀਅਰ) ਯੁੱਧ ਅਤੇ ਫੌਜੀ ਮੈਡੀਕਲ ਨੈਤਿਕਤਾ ਵਿੱਚ ਸਿਖਲਾਈ ਲਈ। ਉਹ ਪੱਛਮੀ ਏਅਰ ਕਮਾਂਡ ਅਤੇ ਟਰੇਨਿੰਗ ਕਮਾਂਡ ਦੀ ਪਹਿਲੀ ਅਤੇ ਇਕਲੌਤੀ ਮਹਿਲਾ ਚੀਫ ਮੈਡੀਕਲ ਅਫਸਰ ਸੀ। ਸਾਧਨਾ ਨੂੰ ਵਿਸ਼ਿਸ਼ਟ ਸੇਵਾ ਮੈਡਲ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ। ਉਸ ਨੇ ਹਵਾਈ ਸਟਾਫ਼ ਦੇ ਮੁਖੀ ਅਤੇ ਏਅਰ ਅਫ਼ਸਰ ਕਮਾਂਡਿੰਗ-ਇਨ-ਚੀਫ਼ ਤੋਂ ਵੀ ਪ੍ਰਸ਼ੰਸਾ ਪ੍ਰਾਪਤ ਕੀਤੀ ਹੈ।