- 70 ਸਾਲ ਤੋਂ ਵੱਧ ਉਮਰ ਦੇ ਨੇਤਾਵਾਂ ਦਾ ਕੱਟ ਸਕਦਾ ਹੈ ਪੱਤਾ
ਨਵੀਂ ਦਿੱਲੀ, 11 ਜਨਵਰੀ 2024 – ਲੋਕ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ (ਭਾਜਪਾ) ਦੀਆਂ ਤਿਆਰੀਆਂ ਅੰਤਿਮ ਪੜਾਅ ‘ਤੇ ਪਹੁੰਚ ਗਈਆਂ ਹਨ। ਦੇਸ਼ ਭਰ ਦੇ ਇਸ ਦੇ ਨੇਤਾਵਾਂ ਲਈ ਅੰਤਮ ਦਿਸ਼ਾ-ਨਿਰਦੇਸ਼ਾਂ ਦਾ ਫੈਸਲਾ ਕਰਨ ਲਈ ਫਰਵਰੀ ਦੇ ਅੱਧ ਵਿੱਚ ਬੀਜੇਪੀ ਰਾਸ਼ਟਰੀ ਕੌਂਸਲ ਦੀ ਇੱਕ ਮੀਟਿੰਗ ਬੁਲਾਉਣ ਜਾ ਰਹੀ ਹੈ।
ਸੂਤਰਾਂ ਨੇ ਦੱਸਿਆ ਕਿ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਨੇ ਕਈ ਸੰਸਦ ਮੈਂਬਰਾਂ ਦੀਆਂ ਟਿਕਟਾਂ ਕੱਟਣ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੀ ਨਜ਼ਰ ਲੋਕ ਸਭਾ ਚੋਣਾਂ ‘ਚ ਵੱਧ ਤੋਂ ਵੱਧ ਸੀਟਾਂ ‘ਤੇ ਚੋਣ ਲੜਨ ‘ਤੇ ਹੈ। ਸੂਤਰਾਂ ਨੇ ਕਿਹਾ ਕਿ ਭਾਜਪਾ 70 ਸਾਲ ਤੋਂ ਵੱਧ ਉਮਰ ਦੇ ਉਮੀਦਵਾਰਾਂ ਨੂੰ ਟਿਕਟ ਨਾ ਦੇਣ ‘ਤੇ ਵਿਚਾਰ ਕਰ ਰਹੀ ਹੈ। ਪਾਰਟੀ ਵੱਲੋਂ ਇਸ ਮਹੀਨੇ ਦੇ ਅੰਤ ਤੱਕ 150-160 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰਨ ਦੀ ਵੀ ਉਮੀਦ ਹੈ।
ਇੰਡੀਅਨ ਐਕਸਪ੍ਰੈਸ ਨੇ ਇਕ ਰਿਪੋਰਟ ਵਿਚ ਸੂਤਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ, ”ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਪਾਰਟੀ ਦੀ ਕੇਂਦਰੀ ਚੋਣ ਕਮੇਟੀ ਦੀ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਨੂੰ ਮਨਜ਼ੂਰੀ ਦੇਣ ਲਈ ਇਸ ਮਹੀਨੇ ਦੇ ਅੰਤ ਵਿਚ ਬੈਠਕ ਹੋਣ ਦੀ ਸੰਭਾਵਨਾ ਹੈ।”
ਇੱਕ ਸੂਤਰ ਨੇ ਇਹ ਵੀ ਕਿਹਾ ਹੈ ਕਿ, “ਪ੍ਰਧਾਨ ਮੰਤਰੀ ਪਹਿਲਾਂ ਹੀ ਸੰਕੇਤ ਦੇ ਚੁੱਕੇ ਹਨ ਕਿ ਪਾਰਟੀ ਦਾ ਫੋਕਸ ਨੌਜਵਾਨਾਂ ਅਤੇ ਔਰਤਾਂ ‘ਤੇ ਹੋਵੇਗਾ। ਇਸ ਨੂੰ ਹਾਸਲ ਕਰਨ ਲਈ ਪਾਰਟੀ 70 ਸਾਲ ਤੋਂ ਵੱਧ ਉਮਰ ਦੇ ਸੰਸਦ ਮੈਂਬਰਾਂ ਨੂੰ ਹਟਾ ਸਕਦੀ ਹੈ।”
ਭਾਜਪਾ ਦੇ ਕੁੱਲ 56 ਮੌਜੂਦਾ ਲੋਕ ਸਭਾ ਮੈਂਬਰ ਜਾਂ ਤਾਂ 70 ਜਾਂ 70 ਸਾਲ ਤੋਂ ਵੱਧ ਉਮਰ ਦੇ ਹਨ। ਇਨ੍ਹਾਂ ਵਿੱਚ ਰਾਜਨਾਥ ਸਿੰਘ, ਵੀਕੇ ਸਿੰਘ, ਰਾਓ ਇੰਦਰਜੀਤ ਸਿੰਘ, ਸ਼੍ਰੀਪਦ ਨਾਇਕ, ਅਰਜੁਨ ਰਾਮ ਮੇਘਵਾਲ, ਗਿਰੀਰਾਜ ਸਿੰਘ, ਸੀਨੀਅਰ ਆਗੂ ਰਾਜੇਂਦਰ ਅਗਰਵਾਲ, ਰਵੀ ਸ਼ੰਕਰ ਪ੍ਰਸਾਦ, ਐੱਸਐੱਸ ਆਹਲੂਵਾਲੀਆ, ਪੀਪੀ ਚੌਧਰੀ, ਸੰਤੋਸ਼ ਗੰਗਵਾਰ, ਰਾਧਾ ਮੋਹਨ ਸਿੰਘ, ਜਗਦੰਬਿਕਾ ਪਾਲ ਆਦਿ ਆਗੂਆਂ ਦੇ ਨਾਂ ਸ਼ਾਮਲ ਹਨ।
ਸੂਤਰ ਨੇ ਕਿਹਾ ਕਿ 70 ਸਾਲ ਤੋਂ ਘੱਟ ਉਮਰ ਦੇ ਨੇਤਾਵਾਂ ‘ਤੇ ਧਿਆਨ ਕੇਂਦਰਿਤ ਕਰਨ ਦੇ ਫੈਸਲੇ ਦਾ ਮਤਲਬ ਇਹ ਨਹੀਂ ਹੈ ਕਿ ਸਾਰੇ ਸੀਨੀਅਰਾਂ ਨੂੰ ਬਾਹਰ ਰੱਖਿਆ ਜਾਵੇਗਾ। “ਉਮੀਦਵਾਰਾਂ ਦੀ ਚੋਣ ਲਈ ਸਿਰਫ ਉਮਰ ਹੀ ਮਾਪਦੰਡ ਨਹੀਂ ਹੋਵੇਗੀ,” ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਆਗੂਆਂ ਨੇ ਵਿਸ਼ੇਸ਼ ਯੋਗਦਾਨ ਪਾਇਆ ਹੈ, ਉਨ੍ਹਾਂ ਨੂੰ ਟਿਕਟਾਂ ਦਿੱਤੀਆਂ ਜਾਣਗੀਆਂ। ਪਾਰਟੀ ਨੂੰ ਲੋਕ ਸਭਾ ਵਿੱਚ ਵੀ ਤਜਰਬੇਕਾਰ ਆਗੂਆਂ ਦੀ ਵੀ ਲੋੜ ਹੈ।
ਪਾਰਟੀ ਨੇ ਇਸ ਵਾਰ 2019 ‘ਚ 303 ਸੀਟਾਂ ‘ਤੇ ਜਿੱਤ ਦਰਜ ਕਰਨ ਦੇ ਟੀਚੇ ਨੂੰ ਬਿਹਤਰ ਕਰਨ ਦਾ ਟੀਚਾ ਰੱਖਿਆ ਹੈ। ਅਜਿਹੇ ‘ਚ ਭਾਜਪਾ ਵੱਧ ਤੋਂ ਵੱਧ ਸੀਟਾਂ ‘ਤੇ ਚੋਣ ਲੜਨਾ ਚਾਹੁੰਦੀ ਹੈ। ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਪਾਰਟੀ ਨੇ 437 ਉਮੀਦਵਾਰ ਖੜ੍ਹੇ ਕੀਤੇ ਸਨ।