ਨਵੀਂ ਦਿੱਲੀ, 3 ਅਗਸਤ 2025 – ਦੇਸ਼ ਦੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੇ ਘਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਧਮਕੀ ਸਵੇਰੇ 8:46 ਵਜੇ ਪੁਲਸ ਕੰਟਰੋਲ ਰੂਮ ਵਿੱਚ ਆਈ, ਇਸ ਧਮਕੀ ਭਰੇ ਕਾਲ ਤੋਂ ਬਾਅਦ ਪੁਲਸ ਵਿਭਾਗ ਵਿੱਚ ਹੜਕੰਪ ਮਚ ਗਿਆ। ਜਿਸ ਤੋਂ ਬਾਅਦ ਸਥਾਨਕ ਪੁਲਸ ਅਤੇ ਜਾਂਚ ਏਜੰਸੀਆਂ ਨੇ ਤੁਰੰਤ ਕਾਰਵਾਈ ਕੀਤੀ। ਕੁਝ ਘੰਟਿਆਂ ਵਿੱਚ ਹੀ ਧਮਕੀ ਦੇਣ ਵਾਲੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਐਤਵਾਰ ਸਵੇਰੇ ਪੁਲਸ ਕੰਟਰੋਲ ਰੂਮ ਵਿੱਚ ਇੱਕ ਕਾਲ ਆਈ, ਜਿਸ ਵਿੱਚ ਕਿਹਾ ਗਿਆ ਸੀ ਕਿ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੇ ਘਰ ਨੂੰ ਬੰਬ ਨਾਲ ਉਡਾ ਦਿੱਤਾ ਜਾਵੇਗਾ।ਪੁਲਿਸ ਨੇ ਤੁਰੰਤ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਅਤੇ ਕੰਟਰੋਲ ਰੂਮ ਤੋਂ ਸੂਚਨਾ ਮਿਲਦੇ ਹੀ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਸ ਨੇ ਤੁਰੰਤ ਸਥਾਨਕ ਪੁਲਸ ਸਟੇਸ਼ਨ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਧਮਕੀ ਮਿਲਣ ਤੋਂ ਬਾਅਦ ਪੁਲਸ ਨੇ ਤੁਰੰਤ ਗਡਕਰੀ ਦੇ ਘਰ ਦੇ ਆਲੇ-ਦੁਆਲੇ ਦੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ। ਪੁਲਸ ਅਤੇ ਡੌਗ ਸਕੁਐਡ ਟੀਮ ਨੇ ਗਡਕਰੀ ਦੇ ਘਰ ਦਾ ਬਾਰੀਕੀ ਨਾਲ ਮੁਆਇਨਾ ਕੀਤਾ। ਸਾਰੇ ਸੁਰੱਖਿਆ ਉਪਾਅ ਯਕੀਨੀ ਬਣਾਉਣ ਤੋਂ ਬਾਅਦ ਪੁਲਸ ਨੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ। ਕੁਝ ਘੰਟਿਆਂ ਬਾਅਦ ਪੁਲਸ ਨੇ ਨਾਗਪੁਰ ਦੇ ਬੀਮਾ ਦਵਾਖਾਨਾ ਨੇੜੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ। ਦੋਸ਼ੀ ਦੀ ਪਛਾਣ ਉਮੇਸ਼ ਵਿਸ਼ਨੂੰ ਰਾਉਤ ਵਜੋਂ ਹੋਈ।

ਉਮੇਸ਼ ਵਿਸ਼ਨੂੰ ਰਾਉਤ ਨਾਗਪੁਰ ਦੇ ਮੈਡੀਕਲ ਚੌਕ ‘ਤੇ ਸਥਿਤ ਇੱਕ ਦੇਸੀ ਸ਼ਰਾਬ ਦੀ ਦੁਕਾਨ ‘ਤੇ ਕੰਮ ਕਰਦਾ ਹੈ। ਮੁਲਜ਼ਮ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਪੁਲਸ ਨੇ ਉਸ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।
