- ਸੂਬੇ ‘ਚ ਸੁਰੱਖਿਆ ਵਧਾਈ ਗਈ, ਵਾਧੂ ਸੈਨਿਕਾਂ ਦੀ ਤਾਇਨਾਤੀ
- ਸਥਿਤੀ ਆਮ ਵਾਂਗ ਬਹਾਲ ਕਰਨ ਲਈ ਸਾਰੇ ਯਤਨ ਜਾਰੀ
- ਸੂਬੇ ‘ਚ 5 ਦਿਨਾਂ ਲਈ ਇੰਟਰਨੈੱਟ ‘ਤੇ ਪਾਬੰਦੀ
- ਅਮਿਤ ਸ਼ਾਹ ਰੱਖ ਰਹੇ ਹਾਲਾਤਾਂ ‘ਤੇ ਨਜ਼ਰ
ਮਣੀਪੁਰ, 5 ਮਈ 2023 – ਮਨੀਪੁਰ ਵਿੱਚ ਕਬਾਇਲੀ ਅਤੇ ਗੈਰ ਕਬਾਇਲੀ ਭਾਈਚਾਰਿਆਂ ਵਿੱਚ ਝੜਪ ਤੋਂ ਬਾਅਦ ਹਿੰਸਾ ਭੜਕ ਗਈ। ਇਸ ਨੂੰ ਕਾਬੂ ਕਰਨ ਲਈ ਸੂਬਾ ਸਰਕਾਰ ਨੇ ਦੰਗਾਕਾਰੀਆਂ ਨੂੰ ਦੇਖਦੇ ਹੀ ਗੋਲੀ ਮਾਰਨ ਦੇ ਹੁਕਮ ਦਿੱਤੇ ਹਨ। ਸੂਬੇ ਦੇ 8 ਜ਼ਿਲਿਆਂ ‘ਚ ਅਗਲੇ 5 ਦਿਨਾਂ ਤੱਕ ਕਰਫਿਊ ਅਤੇ ਇੰਟਰਨੈੱਟ ‘ਤੇ ਪਾਬੰਦੀ ਰਹੇਗੀ। ਫੌਜ ਅਤੇ ਅਸਾਮ ਰਾਈਫਲਜ਼ ਦੀਆਂ 55 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ।
ਦਰਅਸਲ, ਮਨੀਪੁਰ ਵਿੱਚ ਗੈਰ-ਆਦੀਵਾਸੀ ਮੀਤੀ ਭਾਈਚਾਰਾ ਆਪਣੇ ਲਈ ਅਨੁਸੂਚਿਤ ਜਨਜਾਤੀ (ਐਸਟੀ) ਦਾ ਦਰਜਾ ਮੰਗ ਰਿਹਾ ਹੈ, ਜਿਸ ਦਾ ਆਦਿਵਾਸੀ ਭਾਈਚਾਰੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਕਬਾਇਲੀ ਭਾਈਚਾਰੇ ਵੱਲੋਂ ਇਸ ਦੇ ਵਿਰੋਧ ਵਿੱਚ ਬੁੱਧਵਾਰ ਨੂੰ ਕਬਾਇਲੀ ਏਕਤਾ ਮਾਰਚ ਕੱਢਿਆ ਗਿਆ। ਇਸ ਤੋਂ ਬਾਅਦ ਕਬਾਇਲੀ ਅਤੇ ਗੈਰ ਕਬਾਇਲੀ ਭਾਈਚਾਰਿਆਂ ਦਰਮਿਆਨ ਹਿੰਸਾ ਹੋਈ।
ਹੁਣ ਤਾਜ਼ਾ ਸਥਿਤੀ ਇਹ ਹੈ ਕਿ ਇੱਥੇ ਭੜਕੀ ਹਿੰਸਾ ਤੋਂ ਬਾਅਦ ਸਥਿਤੀ ਨੂੰ ਆਮ ਵਾਂਗ ਕਰਨ ਲਈ ਵੱਡੀ ਗਿਣਤੀ ਵਿੱਚ ਅਰਧ ਸੈਨਿਕ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ। ਇਹ ਸਾਹਮਣੇ ਆਇਆ ਹੈ ਕਿ ਮੋਰੇਹ ਅਤੇ ਕਾਂਗਪੋਕਪੀ ਵਿੱਚ ਸਥਿਤੀ ਕਾਬੂ ਵਿੱਚ ਹੈ ਅਤੇ ਸਥਿਰ ਹੈ, ਪਰ ਇੰਫਾਲ ਅਤੇ ਸੀਸਪੁਰ ਵਿੱਚ ਸਥਿਤੀ ਆਮ ਵਾਂਗ ਬਹਾਲ ਕਰਨ ਲਈ ਸਾਰੇ ਯਤਨ ਜਾਰੀ ਹਨ। ਸਾਵਧਾਨੀ ਦੇ ਤੌਰ ‘ਤੇ ਮਨੀਪੁਰ ‘ਚ ਵਾਧੂ ਸੈਨਿਕਾਂ ਦੀ ਤਾਇਨਾਤੀ ਜਾਰੀ ਰਹੇਗੀ। ਇਸ ਤੋਂ ਇਲਾਵਾ ਨਾਗਾਲੈਂਡ ਤੋਂ ਵਾਧੂ ਕਾਲਮ ਵੀ ਤਾਇਨਾਤ ਕੀਤੇ ਗਏ ਸਨ। ਦੂਜੇ ਪਾਸੇ ਮਣੀਪੁਰ ‘ਚ ਹਿੰਸਾ ਦੇ ਵਿਗੜਦੇ ਹਾਲਾਤ ਨੂੰ ਦੇਖਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਐਕਸ਼ਨ ਮੋਡ ‘ਚ ਆ ਗਏ ਹਨ।

ਮਨੀਪੁਰ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਹਾਲਾਤ ਖ਼ਰਾਬ ਹਨ। ਇਸ ਤੋਂ ਪਹਿਲਾਂ ਬੁੱਧਵਾਰ-ਵੀਰਵਾਰ ਨੂੰ ਹੀ ਸਰਕਾਰ ਨੇ ਇੱਥੇ ਇੰਟਰਨੈੱਟ ਸੇਵਾ ਬੰਦ ਕਰਨ ਦੇ ਹੁਕਮ ਦਿੱਤੇ ਸਨ। ਦੂਜੇ ਪਾਸੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀਰਵਾਰ ਨੂੰ ਐਕਸ਼ਨ ਮੋਡ ਵਿੱਚ ਆ ਗਏ। ਸ਼ਾਹ ਨੇ ਗੁਆਂਢੀ ਰਾਜਾਂ ਦੇ ਮੁੱਖ ਮੰਤਰੀਆਂ ਅਤੇ ਮਨੀਪੁਰ ਦੇ ਮੁੱਖ ਮੰਤਰੀ ਐਨ ਬੀਰੇਨ ਸਿੰਘ, ਕੇਂਦਰੀ ਗ੍ਰਹਿ ਸਕੱਤਰ, ਆਈਬੀ ਦੇ ਡਾਇਰੈਕਟਰ ਅਤੇ ਰਾਜ ਦੇ ਨਾਲ-ਨਾਲ ਕੇਂਦਰ ਦੇ ਸਬੰਧਤ ਅਧਿਕਾਰੀਆਂ ਨਾਲ ਵੀਡੀਓ ਕਾਨਫਰੰਸਿੰਗ ਮੀਟਿੰਗਾਂ ਕੀਤੀਆਂ। ਮਨੀਪੁਰ ਵਿੱਚ ਸਥਿਤੀ ਨੂੰ ਆਮ ਵਾਂਗ ਕਰਨ ਲਈ ਭਾਰਤੀ ਹਵਾਈ ਸੈਨਾ ਦੀ ਮਦਦ ਵੀ ਲਈ ਜਾ ਰਹੀ ਹੈ। ਇਹ ਵੀ ਸਾਹਮਣੇ ਆਇਆ ਹੈ ਕਿ ਵੀਰਵਾਰ ਰਾਤ ਨੂੰ ਗੁਹਾਟੀ ਅਤੇ ਤੇਜ਼ਪੁਰ ਤੋਂ ਫੌਜ ਦੇ ਵਾਧੂ ਬਲਾਂ ਨੂੰ ਭਾਰਤੀ ਹਵਾਈ ਫੌਜ ਦੇ ਜਹਾਜ਼ਾਂ ਰਾਹੀਂ ਮਨੀਪੁਰ ਲਿਆਂਦਾ ਗਿਆ ਸੀ।
