ਨਵੀਂ ਦਿੱਲੀ, 20 ਫਰਵਰੀ 2025 – ਭਾਜਪਾ ਦੀ ਨਵੀਂ ਸਰਕਾਰ ‘ਚ ਸੀਨੀਅਰ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਵੀ ਵੀਰਵਾਰ ਨੂੰ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਰਾਜੌਰੀ ਗਾਰਡਨ ਤੋਂ ਵਿਧਾਇਕ ਚੁਣੇ ਗਏ ਭਾਜਪਾ ਦੇ ਕੌਮੀ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਦਿੱਲੀ ਵਿਚ ਕੈਬਨਿਟ ਮੰਤਰੀ ਦੀ ਸਹੁੰ ਪੰਜਾਬੀ ਵਿਚ ਚੁੱਕੀ। ਇੰਨਾ ਹੀ ਨਹੀਂ ਉਨ੍ਹਾਂ ਨੇ ਮੰਚ ’ਤੇ ਫਤਿਹ ਵੀ ਬੁਲਾਈ। ਉਨ੍ਹਾਂ ਦੇ ਅਜਿਹਾ ਕਰਨ ’ਤੇ ਸਮਾਗਮ ਵਿਚ ਹਾਜ਼ਰ ਪੰਜਾਬੀਆਂ ਨੇ ਵੀ ਜੈਕਾਰੇ ਛੱਡੇ।
ਦੱਸ ਦੇਈਏ ਕਿ ਸਿਰਸਾ ਦਿੱਲੀ ਵਿਚ ਭਾਜਪਾ ਦਾ ਸਿੱਖ ਚਿਹਰਾ ਹਨ। ਸਿਰਸਾ ਰਾਜੌਰੀ ਗਾਰਡਨ ਤੋਂ ਵਿਧਾਇਕ ਬਣੇ, ਜਿੱਥੇ ਵੱਡੀ ਗਿਣਤੀ ਵਿਚ ਪੰਜਾਬੀ ਰਹਿੰਦੇ ਹਨ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਧਨਵੰਤੀ ਚੰਦੇਲਾ ਨੂੰ 18190 ਵੋਟਾਂ ਨਾਲ ਹਰਾਇਆ ਹੈ। ਜਦਕਿ ਇਸ ਸੀਟ ਉੱਤੇ ਕਾਂਗਰਸੀ ਉਮੀਦਵਾਰ ਧਰਮਪਾਲ ਚੰਦੇਲਾ ਤੀਜੇ ਨੰਬਰ ‘ਤੇ ਰਹੇ। ਹਨ। ਰਾਜੌਰੀ ਗਾਰਡਨ ਸੀਟ 1993 ਤੋਂ ਕਾਂਗਰਸ ਕੋਲ ਸੀ ਪਰ 2013 ਦੀਆਂ ਵਿਧਾਨ ਸਭਾ ਚੋਣਾਂ ‘ਚ ਸਿਰਸਾ ਨੇ ਸ਼੍ਰੋਮਣੀ ਅਕਾਲੀ ਦਲ (ਅਕਾਲੀ ਦਲ) ਦੇ ਉਮੀਦਵਾਰ ਵਜੋਂ ਵਿਰੋਧੀ ਉਮੀਦਵਾਰ ਧਨਵੰਤੀ ਚੰਦੇਲਾ ਨੂੰ ਵੱਡੇ ਫਰਕ ਨਾਲ ਹਰਾਇਆ ਸੀ। ਉਦੋਂ ਤੋਂ ਕਾਂਗਰਸ ਇਹ ਸੀਟ ਜਿੱਤਣ ‘ਚ ਨਾਕਾਮ ਰਹੀ ਹੈ।
ਮਨਜਿੰਦਰ ਸਿੰਘ ਸਿਰਸਾ ਦਸੰਬਰ 2021 ਵਿਚ ਅਕਾਲੀ ਦਲ ਛੱਡ ਕੇ ਭਾਜਪਾ ‘ਚ ਸ਼ਾਮਲ ਹੋ ਗਏ ਸਨ। ਸਿਰਸਾ ਨੇ 2007 ਵਿਚ ਦਿੱਲੀ ਨਗਰ ਨਿਗਮ (MCD) ਦੀਆਂ ਚੋਣਾਂ ‘ਚ ਅਕਾਲੀ ਦਲ ਦੇ ਉਮੀਦਵਾਰ ਵਜੋਂ ਚੋਣ ਲੜ ਕੇ ਚੋਣ ਰਾਜਨੀਤੀ ਦੀ ਸ਼ੁਰੂਆਤ ਕੀਤੀ ਅਤੇ ਜੇਤੂ ਬਣ ਕੇ ਸਾਹਮਣੇ ਆਏ। ਸਿਰਸਾ ਇਸ ਸਮੇਂ ਭਾਜਪਾ ਦੇ ਕੌਮੀ ਸਕੱਤਰ ਹਨ। ਉਹ ਇਸ ਤੋਂ ਪਹਿਲਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਰਹਿ ਚੁੱਕੇ ਹਨ।

ਦਿੱਲੀ ਦੀ ਸਿਆਸਤ ਵਿੱਚ ਪੰਜਾਬੀ ਭਾਈਚਾਰੇ ਦੀ ਮਜ਼ਬੂਤ ਪਕੜ ਹੈ। ਸਿਰਸਾ ਦਿੱਲੀ ਵਿਚ ਭਾਜਪਾ ਦਾ ਮੁੱਖ ਸਿੱਖ ਚਿਹਰਾ ਹਨ। ਪੰਜਾਬੀ ਵੋਟਰ ਚੋਣਾਂ ਵਿਚ ਸਰਗਰਮ ਰਹਿੰਦੇ ਹਨ। ਇਸ ਨਾਲ ਉਨ੍ਹਾਂ ਦਾ ਵੋਟ ਬੈਂਕ ਮਜ਼ਬੂਤ ਰਹਿੰਦਾ ਹੈ। ਇਸ ਵਾਰ ਚੋਣ ਨਤੀਜਿਆਂ ‘ਚ ਪੰਜਾਬੀ ਵੋਟਰਾਂ ਦੇ ਦਬਦਬੇ ਵਾਲੀਆਂ ਸੀਟਾਂ ‘ਤੇ ਵੱਡੀ ਸਫਲਤਾ ਮਿਲੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਵੀ ਗੁਰਦੁਆਰ ਸਾਹਿਬ ਜਾਂਦੇ ਹਨ ਤਾਂ ਸਿਰਸਾ ਅਕਸਰ ਉਨ੍ਹਾਂ ਨਾਲ ਨਜ਼ਰ ਆਉਂਦੇ ਹਨ।
