ਨਵੀਂ ਦਿੱਲੀ, 17 ਫਰਵਰੀ 2022 – ਦੇਸ਼ ਦੇ 5 ਸੂਬਿਆਂ ‘ਚ ਹੋ ਰਹੀਆਂ ਚੋਣਾਂ ‘ਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਵੀ ਵੀਡੀਓ ਜਾਰੀ ਕਰਕੇ ਐਂਟਰੀ ਕੀਤੀ ਹੈ। ਉਨ੍ਹਾਂ ਇੱਕ ਵੀਡੀਓ ਜਾਰੀ ਕਰਕੇ ਕੇਂਦਰ ਦੀ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ। ਸਾਬਕਾ ਪੀਐਮ ਨੇ ਕਿਹਾ ਕਿ ਮੋਦੀ ਸਰਕਾਰ ਦਾ ਰਾਸ਼ਟਰਵਾਦ ਫਰਜ਼ੀ ਹੈ। ਜੋ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ‘ਤੇ ਚੱਲਦਾ ਹੈ।
ਡਾ: ਸਿੰਘ ਨੇ ਚੀਨ ਦੇ ਮੁੱਦੇ ‘ਤੇ ਕੇਂਦਰ ਸਰਕਾਰ ਨੂੰ ਵੀ ਘੇਰਿਆ। ਉਨ੍ਹਾਂ ਕਿਹਾ ਕਿ ਇਕ ਸਾਲ ਤੋਂ ਚੀਨੀ ਫੌਜ ਭਾਰਤ ਦੀ ਪਵਿੱਤਰ ਧਰਤੀ ‘ਤੇ ਬੈਠੀ ਹੈ। ਇਸ ਸਰਕਾਰ ਨੂੰ ਸੰਵਿਧਾਨ ‘ਤੇ ਭਰੋਸਾ ਨਹੀਂ ਹੈ। ਸੰਵਿਧਾਨਕ ਸੰਸਥਾਵਾਂ ਨੂੰ ਲਗਾਤਾਰ ਕਮਜ਼ੋਰ ਕੀਤਾ ਜਾ ਰਿਹਾ ਹੈ। ਸਰਕਾਰ ਦੇਸ਼ ਦੇ ਅੰਦਰ ਹੀ ਨਹੀਂ ਵਿਦੇਸ਼ ਨੀਤੀ ਦੇ ਮੋਰਚੇ ‘ਤੇ ਵੀ ਫ਼ੇਲ੍ਹ ਹੋ ਚੁੱਕੀ ਹੈ।
ਉਹਨਾਂ ਅੱਗੇ ਕਿਹਾ ਕਿ ਅੱਜ ਦੇਸ਼ ਦੇ ਹਾਲਾਤ ਚਿੰਤਾਜਨਕ ਹਨ। ਕੋਰੋਨਾ ਦੇ ਦੌਰ ‘ਚ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਇਕ ਪਾਸੇ ਅਰਥਵਿਵਸਥਾ ਡਿੱਗ ਗਈ ਹੈ। ਲੋਕ ਮਹਿੰਗਾਈ ਅਤੇ ਬੇਰੁਜ਼ਗਾਰੀ ਤੋਂ ਪ੍ਰੇਸ਼ਾਨ ਹਨ। ਦੂਜੇ ਪਾਸੇ 7 ਸਾਲ ਸਰਕਾਰ ਚਲਾਉਣ ਤੋਂ ਬਾਅਦ ਵੀ ਕੇਂਦਰ ਸਰਕਾਰ ਗਲਤੀਆਂ ਨਹੀਂ ਮੰਨ ਰਹੀ ਹੈ। ਉਹ ਲੋਕਾਂ ਦੀਆਂ ਸਮੱਸਿਆਵਾਂ ਲਈ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ।
ਮੇਰਾ ਮੰਨਣਾ ਹੈ ਕਿ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਵਿਸ਼ੇਸ਼ ਮਹੱਤਵ ਹੈ। ਇਤਿਹਾਸ ਨੂੰ ਦੋਸ਼ ਦੇਣ ਨਾਲ ਤੁਹਾਡੇ ਗੁਨਾਹਾਂ ਨੂੰ ਘਟਾਇਆ ਨਹੀਂ ਜਾ ਸਕਦਾ। ਪ੍ਰਧਾਨ ਮੰਤਰੀ ਵਜੋਂ ਕੰਮ ਕਰਦੇ ਹੋਏ, ਮੈਂ ਜ਼ਿਆਦਾ ਗੱਲ ਕਰਨ ਦੀ ਬਜਾਏ ਕੰਮ ਨੂੰ ਤਰਜੀਹ ਦਿੱਤੀ। ਅਸੀਂ ਸਿਆਸੀ ਲਾਭ ਲਈ ਦੇਸ਼ ਦੀ ਵੰਡ ਨਹੀਂ ਕੀਤੀ। ਕਦੇ ਵੀ ਸੱਚ ‘ਤੇ ਪਰਦਾ ਪਾਉਣ ਦੀ ਕੋਸ਼ਿਸ਼ ਨਹੀਂ ਕੀਤੀ।
ਚੀਨੀ ਫੌਜ ਪਿਛਲੇ ਇੱਕ ਸਾਲ ਤੋਂ ਸਾਡੀ ਪਵਿੱਤਰ ਧਰਤੀ ‘ਤੇ ਬੈਠੀ ਹੈ। ਇਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਰਾਣੇ ਦੋਸਤ ਸਾਡੇ ਨਾਲੋਂ ਟੁੱਟ ਰਹੇ ਹਨ। ਗੁਆਂਢੀ ਦੇਸ਼ਾਂ ਨਾਲ ਵੀ ਸਾਡੇ ਸਬੰਧ ਵਿਗੜ ਰਹੇ ਹਨ। ਮੈਂ ਉਮੀਦ ਕਰਦਾ ਹਾਂ ਕਿ ਸੱਤਾ ਵਿਚ ਰਹਿਣ ਵਾਲੇ ਇਹ ਸਮਝ ਗਏ ਹੋਣਗੇ ਕਿ ਬਿਨਾਂ ਸੱਦੇ ਦੇ ਜ਼ਬਰਦਸਤੀ ਗਲੇ ਲਗਾਉਣਾ, ਘੁੰਮਾਉਣਾ ਜਾਂ ਬਿਰਯਾਨੀ ਖਾਣ ਲਈ ਪਹੁੰਚਣਾ ਦੇਸ਼ ਦੇ ਸਬੰਧਾਂ ਵਿਚ ਸੁਧਾਰ ਨਹੀਂ ਕਰ ਸਕਦਾ। ਸਰਕਾਰ ਨੂੰ ਇਹ ਵੀ ਸਮਝ ਲੈਣਾ ਚਾਹੀਦਾ ਹੈ ਕਿ ਆਪਣਾ ਚਿਹਰਾ ਬਦਲਣ ਨਾਲ ਉਸ ਦਾ ਰੁਤਬਾ ਨਹੀਂ ਬਦਲਦਾ। ਸੱਚ ਹਮੇਸ਼ਾ ਸਾਹਮਣੇ ਆਉਂਦਾ ਹੈ।
ਡਾ: ਸਿੰਘ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਚੋਣ ਮਾਹੌਲ ਵਿਚ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਦਾ ਸਹੀ ਢੰਗ ਨਾਲ ਮੁਕਾਬਲਾ ਕਰਨਾ ਮਹੱਤਵਪੂਰਨ ਹੈ। ਪੰਜਾਬ ਦੇ ਕਿਸਾਨਾਂ ਦੀ ਖੁਸ਼ਹਾਲੀ ਅਤੇ ਬੇਰੁਜ਼ਗਾਰੀ ਨੂੰ ਸਿਰਫ਼ ਕਾਂਗਰਸ ਹੀ ਦੂਰ ਕਰ ਸਕਦੀ ਹੈ। ਪੰਜਾਬ ਦੇ ਵੋਟਰਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ। ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਅੱਜ ਇੱਕ ਨਾਜ਼ੁਕ ਮੋੜ ‘ਤੇ ਖੜ੍ਹਾ ਹੈ। ਪੰਜਾਬ, ਉੱਤਰਾਖੰਡ, ਉੱਤਰ ਪ੍ਰਦੇਸ਼, ਗੋਆ ਅਤੇ ਮਨੀਪੁਰ ਤੋਂ ਆਏ ਭੈਣਾਂ-ਭਰਾਵਾਂ ਨਾਲ ਦੇਸ਼ ਅਤੇ ਸੂਬੇ ਦੀ ਸਥਿਤੀ ਬਾਰੇ ਵਿਚਾਰ ਕਰਨ ਦੀ ਮੇਰੀ ਬਹੁਤ ਇੱਛਾ ਸੀ, ਪਰ ਡਾਕਟਰਾਂ ਦੀ ਸਲਾਹ ਕਾਰਨ ਮੈਂ ਇਸ ਤਰ੍ਹਾਂ ਸੰਬੋਧਨ ਕਰ ਰਿਹਾ ਹਾਂ।