ਚੰਡੀਗੜ੍ਹ, 13 ਮਾਰਚ 2024 – ਮੰਗਲਵਾਰ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਮਨੋਹਰ ਲਾਲ ਨੇ ਹਰਿਆਣਾ ਦੀ ਕਰਨਾਲ ਵਿਧਾਨ ਸਭਾ ਸੀਟ ਤੋਂ ਵੀ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਸਦਨ ਵਿੱਚ ਇਹ ਐਲਾਨ ਕੀਤਾ। ਕਿਹਾ ਜਾ ਰਿਹਾ ਹੈ ਕਿ ਮਨੋਹਰ ਲਾਲ ਨੇ ਮੁੱਖ ਮੰਤਰੀ ਨਾਇਬ ਸੈਣੀ ਲਈ ਕਰਨਾਲ ਸੀਟ ਛੱਡ ਦਿੱਤੀ ਹੈ।
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਹਰਿਆਣਾ ‘ਚ ਭਾਜਪਾ ਨੇ ਹੈਰਾਨ ਕਰਨ ਵਾਲਾ ਫੈਸਲਾ ਲਿਆ। ਜਨਨਾਇਕ ਜਨਤਾ ਪਾਰਟੀ (ਜੇਜੇਪੀ) ਨਾਲ ਗਠਜੋੜ ਤੋੜਦਿਆਂ ਮਨੋਹਰ ਲਾਲ ਦੀ ਥਾਂ ਸੂਬਾ ਪ੍ਰਧਾਨ ਨਾਇਬ ਸਿੰਘ ਸੈਣੀ ਨੂੰ ਨਵਾਂ ਮੁੱਖ ਮੰਤਰੀ ਬਣਾਇਆ ਗਿਆ।
ਕੁਰੂਕਸ਼ੇਤਰ ਤੋਂ ਸੰਸਦ ਮੈਂਬਰ ਅਤੇ ਓਬੀਸੀ ਭਾਈਚਾਰੇ ਦੇ ਚਿਹਰੇ ਸੈਣੀ ਨੂੰ ਮੰਗਲਵਾਰ ਸ਼ਾਮ ਨੂੰ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਨੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁਕਾਈ। ਨਾਇਬ ਸਿੰਘ ਸੈਣੀ ਦੇ ਨਾਲ ਪੰਜ ਮੰਤਰੀਆਂ ਕੰਵਰਪਾਲ ਗੁਰਜਰ, ਮੂਲਚੰਦ ਸ਼ਰਮਾ, ਰਣਜੀਤ ਸਿੰਘ ਚੌਟਾਲਾ, ਜੇਪੀ ਦਲਾਲ ਅਤੇ ਡਾਕਟਰ ਬਨਵਾਰੀ ਲਾਲ ਨੇ ਵੀ ਸਹੁੰ ਚੁੱਕੀ। ਇਹ ਪੰਜੇ ਮਨੋਹਰ ਸਰਕਾਰ ਵਿੱਚ ਮੰਤਰੀ ਵੀ ਸਨ। ਫਿਲਹਾਲ ਕਿਸੇ ਵੀ ਨਵੇਂ ਚਿਹਰੇ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ।