ਨਵੀਂ ਦਿੱਲੀ, 7 ਦਸੰਬਰ 2022 – ਦਿੱਲੀ ਨਗਰ ਨਿਗਮ ਦੀਆਂ 4 ਦਸੰਬਰ ਨੂੰ ਹੋਈਆਂ ਚੋਣਾਂ ਦੇ ਅੱਜ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਨਤੀਜਿਆਂ ਅਨੁਸਾਰ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ, ਜਦਕਿ ਭਾਜਪਾ ਦੂਜੇ ਨੰਬਰ ਉਪਰ ਹੈ। ਇਸ ਤੋਂ ਬਿਨਾ ਕਾਂਗਰਸ ਪਾਰਟੀ ਬਿਲਕੁਲ ਹੀ ਮੁਕਾਬਲੇ ਤੋਂ ਬਾਹਰ ਹੈ ਅਤੇ ਪੱਛੜ ਕੇ ਤੀਜੇ ਨੰਬਰ ਉਪਰ ਚੱਲ ਰਹੀ ਹੈ। ਆਮ ਆਦਮੀ ਪਾਰਟੀ 123 ਸੀਟਾਂ ਉਪਰ, ਭਾਜਪਾ 121 ਸੀਟਾਂ ਅਤੇ ਕਾਂਗਰਸ 5 ਸੀਟਾਂ ‘ਤੇ ਅੱਗੇ ਚੱਲ ਰਹੀ ਹੈ। ਜਦੋਂ ਕੇ ਗਿਣਤੀ ਅਜੇ ਵੀ ਜਾਰੀ ਹੈ।
ਵੋਟਾਂ ਦੀ ਗਿਣਤੀ ਲਈ 42 ਕੇਂਦਰ ਬਣਾਏ ਗਏ ਹਨ। ਗਿਣਤੀ ਕੇਂਦਰਾਂ ‘ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਸੁਰੱਖਿਆ ਲਈ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੀਆਂ 20 ਕੰਪਨੀਆਂ ਅਤੇ 10,000 ਤੋਂ ਵੱਧ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ। MCD ਦੇ ਕੁੱਲ 250 ਵਾਰਡਾਂ ਲਈ ਐਤਵਾਰ ਨੂੰ ਹੋਈਆਂ ਚੋਣਾਂ ‘ਚ 1.45 ਕਰੋੜ ਵੋਟਰਾਂ ‘ਚੋਂ 50 ਫੀਸਦੀ ਤੋਂ ਵੱਧ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਸੀ।
ਦਿੱਲੀ ਨਗਰ ਨਿਗਮ ਦੇ ਏਕੀਕਰਣ ਤੋਂ ਬਾਅਦ ਇਹ ਪਹਿਲੀ ਚੋਣ ਹੈ, ਜਿਸ ਨੂੰ ਪਹਿਲਾਂ 3 ਹਿੱਸਿਆਂ ਵਿੱਚ ਵੰਡਿਆ ਗਿਆ ਸੀ, ਜਿਸ ਵਿੱਚ ਉੱਤਰੀ ਐਮਸੀਡੀ ਅਤੇ ਦੱਖਣੀ ਐਮਸੀਡੀ ਵਿੱਚ 104-104 ਵਾਰਡ ਸਨ, ਜਦੋਂ ਕਿ ਪੂਰਬੀ ਐਮਸੀਡੀ ਵਿੱਚ ਕੁੱਲ 64 ਵਾਰਡ ਸਨ। ਇਸ ਤਰ੍ਹਾਂ ਇਨ੍ਹਾਂ ਤਿੰਨਾਂ ਨਗਰ ਨਿਗਮਾਂ ਵਿੱਚ ਕੁੱਲ 272 ਸੀਟਾਂ ਸਨ।