- ਰੱਖਿਆ ਕਰਮੀਆਂ ਨੇ ਗੋਲੀਬਾਰੀ ਕਰਕੇ ਭੀੜ ਨੂੰ ਖਦੇੜਿਆ
- ਕਈ ਲੋਕ ਜ਼ਖਮੀ, ਕਰਫਿਊ ਲਗਾਇਆ
ਇੰਫਾਲ, 2 ਨਵੰਬਰ 2023: ਬੁੱਧਵਾਰ ਦੇਰ ਰਾਤ ਮਣੀਪੁਰ ਦੇ ਇੰਫਾਲ ‘ਚ ਮਣੀਪੁਰ ਰਾਈਫਲਜ਼ ਦੇ ਕੈਂਪ ‘ਤੇ ਭੀੜ ਨੇ ਹਮਲਾ ਕਰ ਦਿੱਤਾ। ਭੀੜ ਦਾ ਉਦੇਸ਼ ਮਨੀਪੁਰ ਰਾਈਫਲਜ਼ ਦੇ ਹਥਿਆਰਾਂ ਨੂੰ ਲੁੱਟਣਾ ਸੀ। ਹਾਲਾਂਕਿ ਸੁਰੱਖਿਆ ਕਰਮੀਆਂ ਨੇ ਹਵਾ ‘ਚ ਕਈ ਰਾਊਂਡ ਗੋਲੀਆਂ ਚਲਾ ਕੇ ਭੀੜ ਨੂੰ ਖਦੇੜ ਦਿੱਤਾ। ਇਸ ਦੌਰਾਨ ਕੁਝ ਲੋਕ ਜ਼ਖਮੀ ਹੋ ਗਏ। ਇਸ ਘਟਨਾ ਤੋਂ ਬਾਅਦ ਇੰਫਾਲ ‘ਚ ਕਰਫਿਊ ਲਗਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਕ ਆਦਿਵਾਸੀ ਵਿਦਿਆਰਥੀ ਸੰਗਠਨ ਨੇ ਟੇਂਗਨੋਪਾਲ ਜ਼ਿਲੇ ਦੇ ਮੋਰੇਹ ਕਸਬੇ ‘ਚ ਵਾਧੂ ਪੁਲਸ ਕਮਾਂਡੋਜ਼ ਦੀ ਤਾਇਨਾਤੀ ਦੇ ਵਿਰੋਧ ‘ਚ ਬੁੱਧਵਾਰ ਦੇਰ ਰਾਤ ਤੋਂ 48 ਘੰਟੇ ਦੇ ਬੰਦ ਦਾ ਐਲਾਨ ਕੀਤਾ ਹੈ।
ਖ਼ਬਰ ਏਜੰਸੀ ਪੀ.ਟੀ.ਆਈ ਦੇ ਮੁਤਾਬਕ, ਭੀੜ ਨੇ ਇੰਫਾਲ ਪੱਛਮੀ ਜ਼ਿਲੇ ਵਿਚ ਰਾਜ ਭਵਨ ਅਤੇ ਮੁੱਖ ਮੰਤਰੀ ਦਫਤਰ ਦੇ ਨੇੜੇ ਸਥਿਤ ਮਨੀਪੁਰ ਰਾਈਫਲਜ਼ ਦੇ ਕੈਂਪ ਨੂੰ ਨਿਸ਼ਾਨਾ ਬਣਾਇਆ ਸੀ। ਮੋਰੇਹ ਵਿੱਚ ਇੱਕ ਪੁਲਿਸ ਅਧਿਕਾਰੀ ਦੀ ਹੱਤਿਆ ਨੂੰ ਲੈ ਕੇ ਭੀੜ ਗੁੱਸੇ ਵਿੱਚ ਸੀ ਅਤੇ ਇਸਦੇ ਵਿਰੋਧ ਵਿੱਚ ਹਥਿਆਰਾਂ ਦੀ ਮੰਗ ਕਰ ਰਹੀ ਸੀ।