ਨਵੀਂ ਦਿੱਲੀ, 25 ਸਤੰਬਰ 2024 – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਅਮਰੀਕਾ ਦੌਰੇ ਦੇ ਤੀਜੇ ਦਿਨ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ ਮੁਲਾਕਾਤ ਕੀਤੀ। 32 ਦਿਨਾਂ ਦੇ ਅੰਦਰ ਦੋਹਾਂ ਨੇਤਾਵਾਂ ਦੀ ਇਹ ਦੂਜੀ ਮੁਲਾਕਾਤ ਸੀ। ਮੋਦੀ ਨੇ 23 ਅਗਸਤ ਨੂੰ ਯੂਕਰੇਨ ਦੇ ਦੌਰੇ ਦੌਰਾਨ ਜ਼ੇਲੇਂਸਕੀ ਨਾਲ ਮੁਲਾਕਾਤ ਕੀਤੀ ਸੀ।
ਮੋਦੀ ਨੇ ਨਿਊਯਾਰਕ ‘ਚ ਜ਼ੇਲੇਂਸਕੀ ਨਾਲ ਮੁਲਾਕਾਤ ਦੀ ਫੋਟੋ ਇੰਸਟਾਗ੍ਰਾਮ ‘ਤੇ ਪੋਸਟ ਕੀਤੀ ਹੈ। ਉਨ੍ਹਾਂ ਲਿਖਿਆ- ਅਸੀਂ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਯੂਕਰੇਨ ਦੌਰੇ ਦੌਰਾਨ ਲਏ ਗਏ ਫੈਸਲਿਆਂ ਨੂੰ ਲਾਗੂ ਕਰਨ ਲਈ ਵਚਨਬੱਧ ਹਾਂ।
ਇਸ ਦੇ ਨਾਲ ਹੀ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਕਿਹਾ ਕਿ ਮੋਦੀ ਨੇ ਜ਼ੇਲੇਂਸਕੀ ਨੂੰ ਕਿਹਾ ਹੈ ਕਿ ਉਹ ਰੂਸ-ਯੂਕਰੇਨ ਜੰਗ ਨੂੰ ਲੈ ਕੇ ਕਈ ਦੇਸ਼ਾਂ ਦੇ ਨੇਤਾਵਾਂ ਨਾਲ ਗੱਲਬਾਤ ਕਰਦੇ ਰਹਿੰਦੇ ਹਨ। ਸਾਰਿਆਂ ਦਾ ਮੰਨਣਾ ਹੈ ਕਿ ਜੰਗਬੰਦੀ ਦਾ ਕੋਈ ਰਸਤਾ ਜਲਦੀ ਲੱਭਿਆ ਜਾਣਾ ਚਾਹੀਦਾ ਹੈ।
ਜ਼ੇਲੇਂਸਕੀ ਨੇ ਪ੍ਰਧਾਨ ਮੰਤਰੀ ਮੋਦੀ ਦਾ ਯੁੱਧ ਰੋਕਣ ਦੀਆਂ ਕੋਸ਼ਿਸ਼ਾਂ ਲਈ ਧੰਨਵਾਦ ਕੀਤਾ। ਜ਼ੇਲੇਂਸਕੀ ਨੇ ਮੋਦੀ ਦੇ ਯੂਕਰੇਨ ਦੌਰੇ ਦੀ ਵੀ ਤਾਰੀਫ ਕੀਤੀ। ਪੀਐਮ ਮੋਦੀ ਮੰਗਲਵਾਰ ਨੂੰ ਭਾਰਤ ਪਰਤੇ ਹਨ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਰਾਤ ਸੰਯੁਕਤ ਰਾਸ਼ਟਰ ਮਹਾਸਭਾ (UNGA) ਦੇ ਭਵਿੱਖ ਦੇ ਸੰਮੇਲਨ ਨੂੰ ਸੰਬੋਧਨ ਕੀਤਾ। ਕਰੀਬ 4 ਮਿੰਟ ਦੇ ਭਾਸ਼ਣ ਵਿੱਚ ਪੀਐਮ ਮੋਦੀ ਨੇ ਦੁਨੀਆ ਦੇ ਸੁਰੱਖਿਅਤ ਭਵਿੱਖ ਨੂੰ ਲੈ ਕੇ ਭਾਰਤ ਦਾ ਪੱਖ ਪੇਸ਼ ਕੀਤਾ।