ਨਵੀਂ ਦਿੱਲੀ,11 ਅਪ੍ਰੈਲ 2022 – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਅਤੇ ਅਮਰੀਕਾ ਦਰਮਿਆਨ ਸਬੰਧਾਂ ਨੂੰ ਹੋਰ ਡੂੰਘਾ ਕਰਨ ਅਤੇ ਕੋਵਿਡ-19 ਮਹਾਂਮਾਰੀ, ਜਲਵਾਯੂ ਸੰਕਟ, ਗਲੋਬਲ ਸਮੇਤ ਕਈ ਮੁੱਦਿਆਂ ‘ਤੇ ਚਰਚਾ ਕਰਨ ਲਈ ਅੱਜ ਸੋਮਵਾਰ ਨੂੰ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨਾਲ ਗੱਲਬਾਤ ਕਰਨਗੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਵਿਚਕਾਰ ਅੱਜ ਵਰਚੁਅਲ ਮੀਟਿੰਗ ਹੋਵੇਗੀ। ਪਿਛਲੇ ਮਹੀਨੇ ਹੀ ਕੁਆਡ ਲੀਡਰਾਂ ਦੀ ਮੀਟਿੰਗ ਦੌਰਾਨ ਹੀ ਦੋਵਾਂ ਆਗੂਆਂ ਵਿਚਾਲੇ ਮੀਟਿੰਗ ਹੋਈ ਹੈ। ਇਹ ਮੀਟਿੰਗ 2 ਪਲੱਸ 2 ਮੰਤਰੀ ਪੱਧਰ ਦੀ ਗੱਲਬਾਤ ਤੋਂ ਪਹਿਲਾਂ ਹੋਣੀ ਹੈ।
ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਦੋਵਾਂ ਨੇਤਾਵਾਂ ਦੀ ਮੁਲਾਕਾਤ ਦੁਵੱਲੀ ਭਾਈਵਾਲੀ ਨੂੰ ਮਜ਼ਬੂਤ ਕਰੇਗੀ। ਇਹ ਬੈਠਕ ਦੋਹਾਂ ਦੇਸ਼ਾਂ ਦਰਮਿਆਨ ਲਗਾਤਾਰ ਉੱਚ ਪੱਧਰੀ ਰੁਝੇਵਿਆਂ ਦਾ ਰਾਹ ਖੋਲ੍ਹੇਗੀ। ਦੋਵੇਂ ਨੇਤਾ ਦੱਖਣੀ ਏਸ਼ੀਆ ਵਿੱਚ ਹਾਲ ਹੀ ਦੇ ਘਟਨਾਕ੍ਰਮ ਅਤੇ ਸਾਂਝੇ ਹਿੱਤਾਂ ਦੇ ਵਿਸ਼ਵ ਵਿਕਾਸ ਬਾਰੇ ਚਰਚਾ ਕਰਨਗੇ।
ਇਨ੍ਹਾਂ ਮੁੱਦਿਆਂ ‘ਤੇ ਦੋਵਾਂ ਨੇਤਾਵਾਂ ਵਿਚਾਲੇ ਗੱਲਬਾਤ ਹੋ ਸਕਦੀ ਹੈ
- ਕਰੋਨਾ ਮਹਾਂਮਾਰੀ
- ਜਲਵਾਯੂ ਸੰਕਟ
- ਗਲੋਬਲ ਆਰਥਿਕਤਾ
- ਲੋਕਤੰਤਰ ਦੀ ਸੁਰੱਖਿਆ ਅਤੇ ਤਾਕਤ
ਵ੍ਹਾਈਟ ਹਾਊਸ ਮੁਤਾਬਕ ਬਾਈਡਨ ਮੋਦੀ ਨਾਲ ਮੁਲਾਕਾਤ ਦੌਰਾਨ ਰੂਸ-ਯੂਕਰੇਨ ਜੰਗ ਦਾ ਮੁੱਦਾ ਵੀ ਉਠਾਉਣਗੇ। ਵ੍ਹਾਈਟ ਹਾਊਸ ਨੇ ਕਿਹਾ ਕਿ ਰੂਸ ਦੇ ਇਸ ਭਿਆਨਕ ਯੁੱਧ ਦੇ ਨਤੀਜਿਆਂ ‘ਤੇ ਮੋਦੀ ਦੇ ਸਾਹਮਣੇ ਚਰਚਾ ਕੀਤੀ ਜਾਵੇਗੀ। ਇਸ ਤੋਂ ਇਲਾਵਾ ਗਲੋਬਲ ਫੂਡ ਸਪਲਾਈ ‘ਤੇ ਇਸ ਜੰਗ ਦੇ ਪ੍ਰਭਾਵ ‘ਤੇ ਵੀ ਚਰਚਾ ਕੀਤੀ ਜਾਵੇਗੀ।
ਰੂਸ ਅਤੇ ਯੂਕਰੇਨ ਵਿਚਾਲੇ ਭਾਰਤ ਦੇ ਰੁਖ ‘ਤੇ ਅਮਰੀਕਾ ਪਹਿਲਾਂ ਹੀ ਇਤਰਾਜ਼ ਜਤਾਉਂਦਾ ਰਿਹਾ ਹੈ। ਅਮਰੀਕਾ ਚਾਹੁੰਦਾ ਹੈ ਕਿ ਭਾਰਤ ਰੂਸ ਨਾਲ ਆਪਣੇ ਸਬੰਧ ਸੀਮਤ ਰੱਖੇ। ਭਾਰਤ ਅਜੇ ਵੀ ਰੂਸ ਨਾਲ ਤੇਲ ਦਾ ਵਪਾਰ ਕਰਦਾ ਰਹਿੰਦਾ ਹੈ ਅਤੇ ਅਮਰੀਕਾ ਨੂੰ ਨੁਕਸਾਨ ਝੱਲਣਾ ਪੈ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਭਾਰਤ ਨੇ ਇਹ ਸਬੰਧ ਜਾਰੀ ਰੱਖੇ ਤਾਂ ਇਸ ਦੀ ਕੀਮਤ ਚੁਕਾਉਣੀ ਪੈ ਸਕਦੀ ਹੈ। ਇਸ ਦੇ ਨਾਲ ਹੀ ਅਮਰੀਕਾ ਨੇ ਭਾਰਤ ਨੂੰ ਇਹ ਪ੍ਰਸਤਾਵ ਦਿੱਤਾ ਹੈ ਕਿ ਉਹ ਉਸ ਨੂੰ ਹਥਿਆਰ ਦੇਵੇਗਾ। ਇਹ ਸ਼ਰਤ ਵੀ ਰੱਖੀ ਗਈ ਹੈ ਕਿ ਰੂਸ ਤੋਂ ਹਥਿਆਰਾਂ ‘ਤੇ ਨਿਰਭਰਤਾ ਘੱਟ ਕਰਨੀ ਪਵੇਗੀ।