ਉੱਤਰ ਪ੍ਰਦੇਸ਼, 29 ਮਾਰਚ 2024 – ਉੱਤਰ ਪ੍ਰਦੇਸ਼ ਦੀ ਬਾਂਦਾ ਜੇਲ੍ਹ ਵਿੱਚ ਬੰਦ ਮੁਖਤਾਰ ਅੰਸਾਰੀ ਦੀ ਵੀਰਵਾਰ ਰਾਤ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮੁਖਤਾਰ ਨੂੰ ਰਾਤ 8:25 ‘ਤੇ ਉਲਟੀਆਂ ਅਤੇ ਬੇਹੋਸ਼ੀ ਦੀ ਹਾਲਤ ‘ਚ ਜੇਲ੍ਹ ਤੋਂ ਰਾਣੀ ਦੁਰਗਾਵਤੀ ਮੈਡੀਕਲ ਕਾਲਜ ਲਿਜਾਇਆ ਗਿਆ। ਜਿਥੇ 9 ਡਾਕਟਰਾਂ ਨੇ ਉਸ ਦਾ ਇਲਾਜ ਕੀਤਾ, ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਦੱਸਿਆ ਜਾ ਰਿਹਾ ਹੈ ਕਿ ਮੁਖਤਾਰ ਅੰਸਾਰੀ ਬੈਰਕ ‘ਚ ਅਚਾਨਕ ਬੇਹੋਸ਼ ਹੋ ਗਏ ਸਨ। ਪ੍ਰਸ਼ਾਸਨ ਨੇ ਮੁਖਤਾਰ ਦੀ ਮੌਤ ਦੀ ਸੂਚਨਾ ਰਾਤ ਕਰੀਬ ਸਾਢੇ 10 ਵਜੇ ਜਨਤਕ ਕੀਤੀ। ਅੱਜ 3 ਡਾਕਟਰਾਂ ਦਾ ਪੈਨਲ ਲਾਸ਼ ਦਾ ਪੋਸਟਮਾਰਟਮ ਕਰੇਗਾ। ਮੁਖਤਾਰ ਨੂੰ ਅੱਜ ਗਾਜ਼ੀਪੁਰ ਦੇ ਕਾਲੀ ਬਾਗ ਕਬਰਸਤਾਨ ‘ਚ ਸਪੁਰਦ-ਏ-ਖ਼ਾਕ ਕੀਤਾ ਜਾ ਸਕਦਾ ਹੈ।
ਦੂਜੇ ਪਾਸੇ ਪੂਰੇ ਸੂਬੇ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਮਊ ਅਤੇ ਗਾਜ਼ੀਪੁਰ ‘ਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਬਾਂਦਾ ਵਿੱਚ ਵੀ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਮੌਕੇ ‘ਤੇ ਵੱਡੀ ਗਿਣਤੀ ‘ਚ ਪੁਲਸ ਤਾਇਨਾਤ ਕੀਤੀ ਗਈ ਹੈ। ਡੀਜੀਪੀ ਹੈੱਡਕੁਆਰਟਰ ਨੇ ਵੀ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਹਨ।
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਮੁਖਤਾਰ ਦੀ ਸਿਹਤ ਵਿਗੜ ਗਈ ਸੀ। 14 ਘੰਟੇ ਹਸਪਤਾਲ ਵਿਚ ਰਹਿਣ ਤੋਂ ਬਾਅਦ ਉਸ ਨੂੰ ਛੁੱਟੀ ਦੇ ਦਿੱਤੀ ਗਈ। ਕੁਝ ਦਿਨ ਪਹਿਲਾਂ ਮੁਖਤਾਰ ਦੇ ਭਰਾ ਅਫਜ਼ਲ ਨੇ ਦਾਅਵਾ ਕੀਤਾ ਸੀ ਕਿ ਉਸ ਨੂੰ ਹੌਲੀ-ਹੌਲੀ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੁਖਤਾਰ ਅੰਸਾਰੀ 2005 ਤੋਂ ਆਪਣੀ ਸਜ਼ਾ ਕੱਟ ਰਿਹਾ ਸੀ। ਉਸ ਨੂੰ ਵੱਖ-ਵੱਖ ਮਾਮਲਿਆਂ ਵਿਚ ਦੋ ਵਾਰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।
ਮੁਖਤਾਰ ਅੰਸਾਰੀ ਨੂੰ ਮੁਹੰਮਦਾਬਾਦ ਦੇ ਕਬਰਸਤਾਨ ‘ਚ ਸਪੁਰਦ-ਏ-ਖ਼ਾਕ ਕੀਤਾ ਜਾਵੇਗਾ। ਇਸ ਦੇ ਲਈ ਵਾਰਾਣਸੀ ਰੇਂਜ ਦੇ ਡੀਆਈਜੀ ਓਮਪ੍ਰਕਾਸ਼ ਸਿੰਘ, ਜ਼ਿਲ੍ਹਾ ਮੈਜਿਸਟਰੇਟ ਆਰਿਆਕਾ ਅਖੌਰੀ ਅਤੇ ਐਸਪੀ ਓਮਵੀਰ ਸਿੰਘ ਨੇ ਪੁਲਿਸ ਬਲ ਦੇ ਨਾਲ ਉਸ ਕਬਰਸਤਾਨ ਦਾ ਮੁਆਇਨਾ ਵੀ ਕੀਤਾ ਹੈ। ਮੁਖਤਾਰ ਅੰਸਾਰੀ ਦੀ ਕਬਰ ਉਨ੍ਹਾਂ ਦੇ ਪਿਤਾ ਸੁਭਾਨ ਉੱਲਾ ਅੰਸਾਰੀ ਦੇ ਕੋਲ ਪੁੱਟੀ ਜਾਵੇਗੀ ਅਤੇ ਉੱਥੇ ਹੀ ਮੁਖਤਾਰ ਅੰਸਾਰੀ ਦੀ ਦੇਹ ਨੂੰ ਬਾਂਦਾ ਤੋਂ ਆਉਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ‘ਚ ਸਪੁਰਦ-ਏ-ਖ਼ਾਕ ਕੀਤਾ ਜਾਵੇਗਾ।
ਮੁਖਤਾਰ ਅੰਸਾਰੀ ਦੀ ਮੌਤ ਤੋਂ ਬਾਅਦ ਦੇਰ ਰਾਤ ਆਈਜੀ ਆਗਰਾ ਜ਼ੋਨ ਨੇ ਮੁਸਲਿਮ ਇਲਾਕਿਆਂ ਦਾ ਦੌਰਾ ਕੀਤਾ ਅਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਐਸਐਸਪੀ ਅਤੇ ਜ਼ਿਲ੍ਹਾ ਮੈਜਿਸਟਰੇਟ ਨੇ ਭਾਰੀ ਫੋਰਸ ਨਾਲ ਦੇਰ ਰਾਤ ਮਾਰਚ ਕੱਢਿਆ।
ਇਸ ਬਾਰੇ ਆਈਜੀ ਨੇ ਕਿਹਾ ਕਿ ਸਾਬਕਾ ਵਿਧਾਇਕ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ, ਇਸ ਸਬੰਧੀ ਅਫਵਾਹਾਂ ਦਾ ਬਾਜ਼ਾਰ ਗਰਮ ਹੈ, ਸ਼ੁੱਕਰਵਾਰ ਦਾ ਦਿਨ ਹੈ, ਇਸ ਲਈ ਉਨ੍ਹਾਂ ਨੇ ਇੱਥੇ ਲੋਕਾਂ ਨਾਲ ਗੱਲਬਾਤ ਕੀਤੀ ਹੈ। ਅਫਵਾਹਾਂ ‘ਤੇ ਧਿਆਨ ਨਾ ਦੇਣ ਦੀ ਅਪੀਲ ਕੀਤੀ ਗਈ ਹੈ ਅਤੇ ਚੋਣ ਜ਼ਾਬਤਾ ਵੀ ਲਾਗੂ ਹੈ। ਇਸ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾ ਰਹੀ ਹੈ।