- ਸਿਰਫ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਗਈ ਮਿੱਟੀ ਦੇਣ ਦੀ ਇਜਾਜ਼ਤ
ਯੂਪੀ, 30 ਮਾਰਚ 2024 – ਉੱਤਰ ਪ੍ਰਦੇਸ਼ ਦੇ ਮਊ ਤੋਂ ਸਾਬਕਾ ਵਿਧਾਇਕ ਅਤੇ ਮਾਫੀਆ ਡਾਨ ਮੁਖਤਾਰ ਨੂੰ ਮੁਹੰਮਦਾਬਾਦ, ਗਾਜ਼ੀਪੁਰ ਦੇ ਕਾਲੀਬਾਗ ਕਬਰਸਤਾਨ ਵਿੱਚ ਸਪੁਰਦ-ਏ-ਖ਼ਾਕ ਕਰ ਦਿੱਤਾ ਗਿਆ ਹੈ। ਪ੍ਰਸ਼ਾਸ਼ਨ ਵੱਲੋਂ ਅੰਸਾਰੀ ਦੇ ਪਰਿਵਾਰਕ ਮੈਂਬਰਾਂ ਨੂੰ ਹੀ ਦਫ਼ਨਾਉਣ ਮੌਕੇ ਮਿੱਟੀ ਦੇਣ ਦੀ ਇਜਾਜ਼ਤ ਦਿੱਤੀ ਗਈ ਸੀ। ਦੱਸ ਦੇਈਏ ਕਿ ਮੁਖਤਾਰ ਅੰਸਾਰੀ ਦੀ ਵੀਰਵਾਰ ਨੂੰ ਮੌਤ ਹੋ ਗਈ ਸੀ। ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਗਿਆ। ਮੁਖਤਾਰ ਦਾ ਪੋਸਟਮਾਰਟਮ ਬਾਂਦਾ ਮੈਡੀਕਲ ਕਾਲਜ ‘ਚ ਕੀਤਾ ਗਿਆ, ਜਿਸ ਤੋਂ ਬਾਅਦ ਉਸ ਨੂੰ ਬੇਟੇ ਉਮਰ ਅੰਸਾਰੀ ਦੇ ਨਾਲ ਗਾਜ਼ੀਪੁਰ ਲਿਆਂਦਾ ਗਿਆ। ਮੁਖਤਾਰ ਦੀ ਮੌਤ ਤੋਂ ਬਾਅਦ ਗਾਜ਼ੀਪੁਰ ਅਤੇ ਮਊ ਸਮੇਤ ਪੂਰੇ ਉੱਤਰ ਪ੍ਰਦੇਸ਼ ‘ਚ ਹਾਈ ਅਲਰਟ ਹੈ। ਪੁਲਿਸ ਨੇ ਸਾਰੇ ਜ਼ਿਲ੍ਹਿਆਂ ਵਿੱਚ ਚੌਕਸੀ ਵਧਾ ਦਿੱਤੀ ਹੈ।
ਮੁਖਤਾਰ ਅੰਸਾਰੀ ਨੂੰ ਸ਼ਨੀਵਾਰ ਸਵੇਰੇ 10:45 ਵਜੇ ਗਾਜ਼ੀਪੁਰ ਦੇ ਕਾਲੀਬਾਗ ਕਬਰਸਤਾਨ ‘ਚ ਦਫਨਾਇਆ ਗਿਆ। ਮੁਖਤਾਰ ਦੇ ਸਪੁਰਦ-ਏ-ਖ਼ਾਕ ‘ਚ ਕਰੀਬ 30 ਹਜ਼ਾਰ ਲੋਕ ਪਹੁੰਚੇ ਹੋਏ ਸਨ। ਮੁਖਤਾਰ ਦੀ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਜੱਦੀ ਘਰ ਵੱਡਾ ਫਾਟਕ ਵਿਖੇ ਰੱਖਿਆ ਗਿਆ ਸੀ। ਬੇਟੇ ਉਮਰ ਨੇ ਪਿਤਾ ਦੇ ਜਨਾਜੇ ‘ਤੇ ਅਤਰ ਛਿੜਕਿਆ। ਉਸਨੇ ਆਖ਼ਰੀ ਵਾਰ ਮੁਖਤਾਰ ਦੀਆਂ ਮੁੱਛਾਂ ਨੂੰ ਤਾਅ ਦਿੱਤਾ।
ਜਨਾਜਾ ਨਿਕਲਣ ਤੋਂ ਬਾਅਦ ਪ੍ਰਿੰਸ ਟਾਕੀਜ਼ ਗਰਾਊਂਡ ਵਿੱਚ ਨਮਾਜ਼-ਏ-ਜਨਾਜ਼ਾ ਦੀ ਰਸਮ ਅਦਾ ਕੀਤੀ ਗਈ। ਇੱਥੇ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਅੱਗੇ ਨਾ ਜਾਣ, ਸਿਰਫ਼ ਪਰਿਵਾਰਕ ਮੈਂਬਰਾਂ ਨੂੰ ਹੀ ਕਬਰਸਤਾਨ ਵਿੱਚ ਜਾਣ ਦੇਣ।