ਨਵੀਂ ਦਿੱਲੀ, 3 ਅਕਤੂਬਰ 2022 – ਭਾਰਤੀ ਹਵਾਈ ਖੇਤਰ ਤੋਂ ਲੰਘ ਰਹੇ ਈਰਾਨੀ ਯਾਤਰੀ ਜਹਾਜ਼ ਵਿੱਚ ਬੰਬ ਹੋਣ ਦੀ ਖ਼ਬਰ ਹੈ। ਸੂਤਰਾਂ ਮੁਤਾਬਕ ਜਹਾਜ਼ ‘ਚ ਬੰਬ ਹੋਣ ਦੀ ਖਬਰ ਤੋਂ ਬਾਅਦ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਯਾਤਰੀ ਜਹਾਜ਼ ਹੁਣ ਚੀਨ ਵੱਲ ਜਾ ਰਿਹਾ ਹੈ। ਇਸ ਦੇ ਨਾਲ ਹੀ ਸੁਰੱਖਿਆ ਏਜੰਸੀਆਂ ਨੂੰ ਜਹਾਜ਼ ਦੀ ਨਿਗਰਾਨੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਏਟੀਸੀ ਸੂਤਰਾਂ ਅਨੁਸਾਰ ਈਰਾਨ ਦੇ ਤਹਿਰਾਨ ਤੋਂ ਚੀਨ ਦੇ ਗੁਆਂਗਜ਼ੂ ਜਾਂਦੇ ਸਮੇਂ ਮਹਾਨ ਏਅਰ ਨੇ ਦਿੱਲੀ ਹਵਾਈ ਅੱਡੇ ਦੇ ਏਟੀਸੀ ਨਾਲ ਸੰਪਰਕ ਕੀਤਾ ਅਤੇ ਦਿੱਲੀ ਵਿੱਚ ਤੁਰੰਤ ਲੈਂਡਿੰਗ ਦੀ ਇਜਾਜ਼ਤ ਮੰਗੀ। ਦਿੱਲੀ ਏਟੀਸੀ ਨੇ ਜਹਾਜ਼ ਨੂੰ ਜੈਪੁਰ ਜਾਣ ਦਾ ਸੁਝਾਅ ਦਿੱਤਾ। ਪਰ ਜਹਾਜ਼ ਦੇ ਪਾਇਲਟ ਨੇ ਇਨਕਾਰ ਕਰ ਦਿੱਤਾ ਅਤੇ ਭਾਰਤੀ ਹਵਾਈ ਖੇਤਰ ਛੱਡ ਦਿੱਤਾ।
ਸੂਤਰਾਂ ਮੁਤਾਬਕ ਦਿੱਲੀ ‘ਚ ਸੁਰੱਖਿਆ ਏਜੰਸੀਆਂ ਨੂੰ ਜਹਾਜ਼ ‘ਚ ਬੰਬ ਹੋਣ ਦੀ ਸੰਭਾਵਨਾ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਅਤੇ ਜਹਾਜ਼ ਨੂੰ ਦਿੱਲੀ ‘ਚ ਉਤਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਭਾਰਤੀ ਹਵਾਈ ਸੈਨਾ ਦੇ ਲੜਾਕੂ ਜਹਾਜ਼ਾਂ ਨੇ ਈਰਾਨੀ ਯਾਤਰੀ ਜਹਾਜ਼ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ।
ਦੱਸ ਦੇਈਏ ਕਿ ਈਰਾਨ ਦੇ ਯਾਤਰੀ ਜਹਾਜ਼ ਨੂੰ ਬੰਬ ਨਾਲ ਉਡਾਉਣ ਦੀ ਖਬਰ ਮਿਲਣ ਤੋਂ ਬਾਅਦ ਇਹ ਦਿੱਲੀ ਹਵਾਈ ਖੇਤਰ ਵੱਲ ਵਧ ਰਿਹਾ ਸੀ। ਭਾਰਤੀ ਹਵਾਈ ਖੇਤਰ ਵਿੱਚ ਦਾਖਲ ਹੋਣ ਤੋਂ ਬਾਅਦ, ਜਹਾਜ਼ ਨੇ ਭਾਰਤੀ ਹਵਾਈ ਆਵਾਜਾਈ ਕੰਟਰੋਲ ਨੂੰ ਬੰਬ ਅਲਰਟ ਭੇਜਿਆ। ਸੂਤਰਾਂ ਨੇ ਨਿਊਜ਼ ਏਜੰਸੀ ਏਐਨਆਈ ਨੂੰ ਦੱਸਿਆ ਕਿ ਪੰਜਾਬ ਅਤੇ ਜੋਧਪੁਰ ਏਅਰਬੇਸ ਤੋਂ ਭਾਰਤੀ ਹਵਾਈ ਸੈਨਾ ਦੇ Su-30 MKI ਲੜਾਕੂ ਜਹਾਜ਼ ਯਾਤਰੀ ਜਹਾਜ਼ ਨੂੰ ਰੋਕਣ ਲਈ ਭੇਜੇ ਗਏ ਸਨ।
ਹਾਲਾਂਕਿ ਹੁਣ ਯਾਤਰੀਆਂ ਨਾਲ ਭਰਿਆ ਜਹਾਜ਼ ਚੀਨ ਵੱਲ ਜਾ ਰਿਹਾ ਹੈ ਅਤੇ ਇਸ ਦੇ ਮੱਦੇਨਜ਼ਰ ਭਾਰਤੀ ਸੁਰੱਖਿਆ ਏਜੰਸੀਆਂ ਵੱਲੋਂ ਸਖ਼ਤ ਨਿਗਰਾਨੀ ਰੱਖੀ ਜਾ ਰਹੀ ਹੈ।