- ਹਾਈਕਮਾਨ ਨੇ ਡੀਕੇ ਅਤੇ ਸਿਦਾਰਮਈਆ ਨੂੰ ਦਿੱਲੀ ‘ਚ ਰਹਿਣ ਲਈ ਕਿਹਾ,
- ਦੋਵੇਂ ਅੱਜ ਸੋਨੀਆ ਗਾਂਧੀ ਨਾਲ ਕਰ ਸਕਦੇ ਨੇ ਮੁਲਾਕਾਤ,
- ਆਪਸੀ ਸਹਿਮਤੀ ਤੋਂ ਬਾਅਦ ਅੱਜ ਹੋ ਸਕਦਾ ਹੈ ਕਰਨਾਟਕ ਦੇ ਮੁੱਖ ਮੰਤਰੀ ਦਾ ਐਲਾਨ
ਨਵੀਂ ਦਿੱਲੀ, 17 ਮਈ 2023 – ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਅੱਜ ਬੈਂਗਲੁਰੂ ‘ਚ ਹੋਣ ਵਾਲੀ ਕਾਂਗਰਸ ਵਿਧਾਇਕ ਦਲ ਦੀ ਬੈਠਕ ‘ਚ ਕਰਨਾਟਕ ਦੇ ਮੁੱਖ ਮੰਤਰੀ ਦਾ ਐਲਾਨ ਕਰ ਸਕਦੇ ਹਨ। ਸਿੱਧਰਮਈਆ ਦਾ ਨਾਂ ਲਗਭਗ ਤੈਅ ਮੰਨਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ, ਦੋਵੇਂ ਸੀਐਮ ਦਾਅਵੇਦਾਰ ਡੀਕੇ ਸ਼ਿਵਕੁਮਾਰ ਅਤੇ ਸਿੱਧਰਮਈਆ ਨੇ ਦਿੱਲੀ ਸਥਿਤ ਉਨ੍ਹਾਂ ਦੀ ਰਿਹਾਇਸ਼ ‘ਤੇ ਖੜਗੇ ਨਾਲ ਮੁਲਾਕਾਤ ਕੀਤੀ। ਸੂਤਰਾਂ ਮੁਤਾਬਕ ਸ਼ਿਵਕੁਮਾਰ ਨੂੰ ਉਪ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ।
ਪਰ ਕਾਂਗਰਸ 4 ਦਿਨ ਬਾਅਦ ਵੀ ਕਰਨਾਟਕ ਦੇ ਮੁੱਖ ਮੰਤਰੀ ਦਾ ਫੈਸਲਾ ਨਹੀਂ ਕਰ ਸਕੀ ਹੈ। ਹੁਣ ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਬੁੱਧਵਾਰ ਨੂੰ ਯੂਪੀਏ ਚੇਅਰਪਰਸਨ ਸੋਨੀਆ ਗਾਂਧੀ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਬੈਂਗਲੁਰੂ ‘ਚ ਅਗਲੇ ਮੁੱਖ ਮੰਤਰੀ ਦੇ ਨਾਂ ਦਾ ਐਲਾਨ ਕਰ ਸਕਦੇ ਹਨ। ਸੋਨੀਆ ਗਾਂਧੀ ਫਿਲਹਾਲ ਸ਼ਿਮਲਾ ‘ਚ ਹੈ।
ਮੁੱਖ ਮੰਤਰੀ ਦੀ ਦੌੜ ਵਿੱਚ ਕਰਨਾਟਕ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਡੀਕੇ ਸ਼ਿਵਕੁਮਾਰ ਅਤੇ ਸਾਬਕਾ ਮੁੱਖ ਮੰਤਰੀ ਸਿੱਧਰਮਈਆ ਹਨ। ਦੋਵਾਂ ਨੇ ਮੰਗਲਵਾਰ ਨੂੰ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨਾਲ ਮੁਲਾਕਾਤ ਕੀਤੀ, ਪਰ ਗੱਲਬਾਤ ਬੇਸਿੱਟਾ ਰਹੀ। ਫਿਲਹਾਲ ਉਨ੍ਹਾਂ ਨੂੰ ਦਿੱਲੀ ‘ਚ ਹੀ ਰਹਿਣ ਲਈ ਕਿਹਾ ਗਿਆ ਹੈ। ਅੱਜ ਦੋਵੇਂ ਨੇਤਾ ਸੋਨੀਆ ਗਾਂਧੀ ਨਾਲ ਮੁਲਾਕਾਤ ਕਰ ਸਕਦੇ ਹਨ।
ਕਰਨਾਟਕ ਚੋਣਾਂ ਵਿੱਚ ਕਾਂਗਰਸ ਨੂੰ 224 ਵਿੱਚੋਂ 135 ਸੀਟਾਂ ਮਿਲੀਆਂ ਹਨ। ਐਤਵਾਰ ਨੂੰ ਹੋਈ ਕਾਂਗਰਸ ਵਿਧਾਇਕ ਦਲ ਦੀ ਬੈਠਕ ‘ਚ ਸਾਰੇ ਵਿਧਾਇਕਾਂ ਨੇ ਖੜਗੇ ਨੂੰ ਨੇਤਾ ਚੁਣਨ ਦਾ ਅਧਿਕਾਰ ਦਿੱਤਾ। ਇਸ ਤੋਂ ਬਾਅਦ ਕਾਂਗਰਸ ਪ੍ਰਧਾਨ ਨੇ ਅਬਜ਼ਰਵਰਾਂ ਨੂੰ ਸਾਰੇ ਵਿਧਾਇਕਾਂ ਨਾਲ ਵਨ-ਟੂ-ਵਨ ਗੱਲਬਾਤ ਕਰਨ ਲਈ ਕਿਹਾ ਸੀ।