- ਟੈਂਕਰ ਡਰਾਈਵਰ ਹੋਇਆ ਮੌਕੇ ਤੋਂ ਫਰਾਰ
ਗੁਰੂਗ੍ਰਾਮ, 11 ਨਵੰਬਰ 2023 – ਹਰਿਆਣਾ ਦੇ ਗੁਰੂਗ੍ਰਾਮ ‘ਚ ਦਿੱਲੀ ਜੈਪੁਰ ਹਾਈਵੇ ‘ਤੇ ਸੜਕ ਹਾਦਸੇ ‘ਚ 4 ਲੋਕਾਂ ਦੀ ਮੌਤ ਹੋ ਗਈ। ਇੱਥੇ ਇੱਕ ਤੇਜ਼ ਰਫ਼ਤਾਰ ਤੇਲ ਟੈਂਕਰ ਨੇ ਇੱਕ ਕਾਰ ਅਤੇ ਇੱਕ ਪਿਕਅੱਪ ਵੈਨ ਨੂੰ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਨੂੰ ਅੱਗ ਲੱਗ ਗਈ। ਜਿਸ ਕਾਰਨ ਕਾਰ ‘ਚ ਸਵਾਰ 3 ਲੋਕ ਜ਼ਿੰਦਾ ਸੜ ਗਏ। ਹਾਦਸੇ ਵਿੱਚ ਪਿਕਅੱਪ ਦੇ ਡਰਾਈਵਰ ਦੀ ਵੀ ਮੌਤ ਹੋ ਗਈ।
ਇਹ ਘਟਨਾ ਗੁਰੂਗ੍ਰਾਮ ਜ਼ਿਲ੍ਹੇ ਦੇ ਪਿੰਡ ਸਿੱਧਰਾਵਾਲੀ ‘ਚ ਰਾਤ ਕਰੀਬ 11 ਵਜੇ ਵਾਪਰੀ। ਤੇਜ਼ ਰਫ਼ਤਾਰ ਤੇਲ ਟੈਂਕਰ ਜੈਪੁਰ ਤੋਂ ਆ ਰਿਹਾ ਸੀ। ਟੈਂਕਰ ਡਿਵਾਈਡਰ ਪਾਰ ਕਰਕੇ ਜੈਪੁਰ ਵੱਲ ਜਾਣ ਵਾਲੀ ਲਾਈਨ ਵਿੱਚ ਵੜ ਗਿਆ। ਇਸ ਦੌਰਾਨ ਜੈਪੁਰ ਵੱਲ ਜਾ ਰਹੀ ਕਾਰ ਨਾਲ ਟੈਂਕਰ ਦੀ ਟੱਕਰ ਹੋ ਗਈ। ਇਸ ਤੋਂ ਬਾਅਦ ਟੈਂਕਰ ਗਰਿੱਲ ਤੋੜ ਕੇ ਸਰਵਿਸ ਲੇਨ ਕੋਲ ਪਹੁੰਚਿਆ ਅਤੇ ਸਾਹਮਣੇ ਤੋਂ ਆ ਰਹੀ ਪਿਕਅੱਪ ਗੱਡੀ ਨੂੰ ਟੱਕਰ ਮਾਰ ਦਿੱਤੀ। ਚਸ਼ਮਦੀਦਾਂ ਅਨੁਸਾਰ ਸਵਿਫਟ ਕਾਰ ਵਿੱਚ ਸੀਐਨਜੀ ਸਿਲੰਡਰ ਹੋਣ ਕਾਰਨ ਅੱਗ ਲੱਗੀ।
ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਅਤੇ ਪੁਲਸ ਦੀ ਟੀਮ ਮੌਕੇ ‘ਤੇ ਪਹੁੰਚ ਗਈ ਪਰ ਅੱਗ ‘ਤੇ ਕਾਬੂ ਪਾਉਣ ਤੋਂ ਪਹਿਲਾਂ ਹੀ 3 ਲੋਕ ਇਸ ਦੀ ਲਪੇਟ ‘ਚ ਆ ਚੁੱਕੇ ਸਨ। ਹਾਦਸੇ ਤੋਂ ਬਾਅਦ ਤੇਲ ਟੈਂਕਰ ਦਾ ਡਰਾਈਵਰ ਫ਼ਰਾਰ ਹੋ ਗਿਆ। ਪੁਲਿਸ ਉਸ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ।