ਅੰਮ੍ਰਿਤਸਰ, 15 ਅਗਸਤ 2022 – ਸੋਮਵਾਰ ਨੂੰ ਦੇਸ਼ ਭਰ ‘ਚ ਆਜ਼ਾਦੀ ਦਿਵਸ ਪੂਰੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ‘ਚ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲੇ ‘ਤੇ ਤਿਰੰਗਾ ਲਹਿਰਾਇਆ, ਉੱਥੇ ਹੀ ਅੰਮ੍ਰਿਤਸਰ ਦੇ ਅਟਾਰੀ ਅੰਤਰਰਾਸ਼ਟਰੀ ਬਾਰਡਰ ‘ਤੇ ਵੀ ਆਜ਼ਾਦੀ ਦਿਵਸ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਸੋਮਵਾਰ ਸਵੇਰੇ ਜੇ.ਸੀ.ਪੀ ਅਟਾਰੀ ਵਿਖੇ ਪੂਰੇ ਫੌਜੀ ਸਨਮਾਨਾਂ ਨਾਲ ਰਾਸ਼ਟਰੀ ਝੰਡਾ ਲਹਿਰਾਇਆ ਗਿਆ। ਇਸ ਤੋਂ ਬਾਅਦ ਪਾਕਿਸਤਾਨ ਰੇਂਜਰਾਂ ਨੇ ਬੀਐਸਐਫ ਦੇ ਜਵਾਨਾਂ ਨੂੰ ਮਠਿਆਈਆਂ ਭੇਟ ਕੀਤੀਆਂ।
ਤੁਹਾਨੂੰ ਦੱਸ ਦੇਈਏ ਕਿ ਇੱਕ ਦਿਨ ਪਹਿਲਾਂ 14 ਅਗਸਤ ਨੂੰ ਪਾਕਿਸਤਾਨ ਆਪਣਾ ਸੁਤੰਤਰਤਾ ਦਿਵਸ ਮਨਾਉਂਦਾ ਹੈ। ਇਸ ਮੌਕੇ ਭਾਰਤ ਵੱਲੋਂ ਪਾਕਿਸਤਾਨ ਰੇਂਜਰਾਂ ਨੂੰ ਮਠਿਆਈਆਂ ਭੇਟ ਕੀਤੀਆਂ ਗਈਆਂ ਸਨ। ਅੱਜ ਇੱਕ ਦਿਨ ਬਾਅਦ ਦੂਜੇ ਪਾਸਿਓਂ ਮਠਿਆਈਆਂ ਦਿੱਤੀਆਂ ਗਈਆਂ। ਸੁਤੰਤਰਤਾ ਦਿਵਸ ‘ਤੇ ਦੋਹਾਂ ਦੇਸ਼ਾਂ ਵਿਚਾਲੇ ਲੰਬੇ ਸਮੇਂ ਤੋਂ ਮਠਿਆਈਆਂ ਦਾ ਆਦਾਨ-ਪ੍ਰਦਾਨ ਹੁੰਦਾ ਹੈ।
ਦੱਸ ਦਈਏ ਕਿ ਆਜ਼ਾਦੀ ਦਿਹਾੜੇ ‘ਤੇ ਵਾਹਗਾ-ਅਟਾਰੀ ਸਰਹੱਦ ‘ਤੇ ਰਿਟਰੀਟ ਸਮਾਰੋਹ ‘ਚ ਵੀ ਵੱਡੀ ਗਿਣਤੀ ‘ਚ ਸੈਲਾਨੀ ਪਹੁੰਚਦੇ ਹਨ। ਇਸ ਦਿਨ ਇੱਥੇ ਦਾ ਨਜ਼ਾਰਾ ਵੱਖਰਾ ਹੁੰਦਾ ਹੈ। ਦੇਸ਼ ਭਗਤੀ ਦੇ ਜਜ਼ਬੇ ਨਾਲ ਭਰੇ ਹਜ਼ਾਰਾਂ ਲੋਕ ਇਸ ਰੀਟਰੀਟ ਸਮਾਰੋਹ ਨੂੰ ਦੇਖਣ ਲਈ ਪਹੁੰਚ ਰਹੇ ਹਨ।