ਅੰਮ੍ਰਿਤਸਰ, 29 ਅਪ੍ਰੈਲ 2022 – ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ‘ਚ ਸ਼ੁੱਕਰਵਾਰ ਤੜਕੇ ਇਕ ਵਾਰ ਫਿਰ ਡਰੋਨ ਭਾਰਤੀ ਸਰਹੱਦ ‘ਚ ਦਾਖਲ ਹੋ ਗਿਆ ਪਰ ਭਾਰਤੀ ਸਰਹੱਦੀ ਫੋਰਸ (ਬੀ.ਐੱਸ.ਐੱਫ.) ਦੇ ਜਵਾਨਾਂ ਨੇ ਆਵਾਜ਼ ਸੁਣ ਕੇ ਡਰੋਨ ਵੱਲ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਡਰੋਨ ਪਾਕਿਸਤਾਨ ਦੀ ਸਰਹੱਦ ਵੱਲ ਵਾਪਸ ਚਲਾ ਗਿਆ। ਸਰਹੱਦੀ ਖੇਤਰ ‘ਚ ਸਵੇਰ ਤੋਂ ਹੀ ਤਲਾਸ਼ੀ ਮੁਹਿੰਮ ਜਾਰੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਬੀਐਸਐਫ ਦੀ ਬਟਾਲੀਅਨ 71 ਦੇ ਜਵਾਨ ਪੰਜਾਬ ਦੇ ਤਰਨਤਾਰਨ ਵਿੱਚ ਭਿੱਖੀਵਿੰਡ ਅਧੀਨ ਪੈਂਦੇ ਬੀਓਪੀ ਬਾਬਾ ਪੀਰ ਵਿੱਚ ਗਸ਼ਤ ’ਤੇ ਸਨ। ਇਸ ਦੌਰਾਨ ਜਦੋਂ ਡਰੋਨ ਦੀ ਆਵਾਜ਼ ਸੁਣਾਈ ਦਿੱਤੀ ਤਾਂ ਜਵਾਨਾਂ ਨੇ ਡਰੋਨ ਵੱਲ 4 ਰਾਉਂਡ ਫਾਇਰ ਕੀਤੇ। ਇਸ ਕਾਰਨ ਡਰੋਨ ਪਾਕਿਸਤਾਨੀ ਸਰਹੱਦ ਵੱਲ ਵਾਪਸ ਚਲਾ ਗਿਆ। ਫਿਰ ਪੰਜਾਬ ਪੁਲਿਸ ਅਤੇ ਬੀਐਸਐਫ ਨੇ ਸਾਂਝੇ ਤੌਰ ‘ਤੇ ਤਲਾਸ਼ੀ ਮੁਹਿੰਮ ਚਲਾਈ।
ਬੀਐਸਐਫ ਨੇ ਅਪ੍ਰੈਲ ਮਹੀਨੇ ਵਿੱਚ 7 ਵਾਰ ਹੈਰੋਇਨ ਫੜੀ ਹੈ। ਕਸਟਮ ਵਿਭਾਗ ਦੀ ਤਰਫੋਂ ਅਫਗਾਨਿਸਤਾਨ ਤੋਂ ਆਏ ਇੱਕ ਟਰੱਕ ਵਿੱਚ 102 ਕਿਲੋ ਹੈਰੋਇਨ ਫੜੀ ਗਈ। ਪਾਕਿਸਤਾਨ ਵਾਲੇ ਪਾਸਿਓਂ ਘੁਸਪੈਠ ਦੇ 4 ਮਾਮਲੇ ਸਨ। ਦੋ ਨੂੰ ਬੀਐਸਐਫ ਨੇ ਪਾਕਿਸਤਾਨ ਰੇਂਜਰਾਂ ਦੇ ਹਵਾਲੇ ਕਰ ਦਿੱਤਾ ਸੀ, ਜਦੋਂ ਕਿ ਦੋ ਖ਼ਿਲਾਫ਼ ਕੇਸ ਵੀ ਦਰਜ ਕੀਤੇ ਗਏ ਸਨ। 21 ਅਪ੍ਰੈਲ ਨੂੰ ਗੁਰਦਾਸਪੁਰ ਸੈਕਟਰ ‘ਚ ਪਾਕਿਸਤਾਨੀ ਡਰੋਨਾਂ ਨੇ ਚਾਰ ਵਾਰ ਭਾਰਤੀ ਖੇਤਰ ‘ਚ ਘੁਸਪੈਠ ਕੀਤੀ ਅਤੇ ਬੀ.ਐੱਸ.ਐੱਫ. ਨੇ ਇਸ ਨੂੰ ਰੋਕਣ ਲਈ 165 ਰਾਉਂਡ ਫਾਇਰ ਵੀ ਕੀਤੇ।