ਚੰਡੀਗੜ੍ਹ, 14 ਅਪ੍ਰੈਲ 2024 – ਆਯੁਰਵੇਦ ਕੰਪਨੀ ਪਤੰਜਲੀ ਦੇ ਪੈਕਡ ਸ਼ਹਿਦ ਦੇ ਟੈਸਟਿੰਗ ਵਿਚ ਫੇਲ੍ਹ ਹੋਣ ਤੋਂ ਬਾਅਦ ਬਾਬਾ ਰਾਮਦੇਵ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਪਤੰਜਲੀ ਸ਼ਹਿਦ ਦਾ ਨਮੂਨਾ ਮਿਆਰ ‘ਤੇ ਪੂਰਾ ਨਹੀਂ ਉਤਰਿਆ। ਜਿਸ ਤੋਂ ਬਾਅਦ ਵਧੀਕ ਜ਼ਿਲ੍ਹਾ ਮੈਜਿਸਟਰੇਟ ਪਿਥੌਰਾਗੜ੍ਹ (ਉਤਰਾਖੰਡ) ਦੀ ਅਦਾਲਤ ਨੇ ਫੂਡ ਸੇਫਟੀ ਵਿਭਾਗ ਵੱਲੋਂ ਦਾਇਰ ਕੇਸ ਦੀ ਸੁਣਵਾਈ ਕਰਦਿਆਂ ਸਬੰਧਤ ਕਾਰੋਬਾਰੀ ਅਤੇ ਸਟਾਕਿਸਟ ਵਿਤਰਕ ਨੂੰ 1 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਕਰੀਬ ਚਾਰ ਸਾਲ ਪਹਿਲਾਂ ਜੁਲਾਈ 2020 ਵਿੱਚ ਫੂਡ ਸੇਫਟੀ ਵਿਭਾਗ ਨੇ ਉੱਤਰਾਖੰਡ ਦੇ ਪਿਥੌਰਾਗੜ੍ਹ ਜ਼ਿਲ੍ਹੇ ਦੇ ਦੀਦੀਹਾਟ ਤੋਂ ਐੱਮ. ਗੌਰਵ ਟਰੇਡਿੰਗ ਕੰਪਨੀ ਤੋਂ ਪੈਕ ਕੀਤੇ ਪਤੰਜਲੀ ਸ਼ਹਿਦ ਦਾ ਸੈਂਪਲ ਲਿਆ ਗਿਆ ਅਤੇ ਜਾਂਚ ਲਈ ਸਰਕਾਰੀ ਲੈਬਾਰਟਰੀ ਰੁਦਰਪੁਰ ਭੇਜਿਆ ਗਿਆ। ਜਾਂਚ ਦੌਰਾਨ ਪਤੰਜਲੀ ਦੇ ਪੈਕ ਕੀਤੇ ਸ਼ਹਿਦ ਦਾ ਸੈਂਪਲ ਸਬ-ਸਟੈਂਡਰਡ ਪਾਇਆ ਗਿਆ। ਭਾਵ ਇਹ ਮਿਆਰ ‘ਤੇ ਖਰਾ ਨਹੀਂ ਉਤਰਿਆ।
ਰਿਪੋਰਟਾਂ ਅਨੁਸਾਰ, ਸ਼ਹਿਦ ਦੇ ਨਮੂਨੇ ਵਿੱਚ ਸੁਕਰੋਜ਼ ਦੀ ਮਾਤਰਾ ਦੁੱਗਣੀ ਤੋਂ ਵੱਧ ਸੀ। ਜਾਂਚ ਦੌਰਾਨ ਸ਼ਹਿਦ ਵਿੱਚ ਸੁਕਰੋਜ਼ ਦੀ ਮਾਤਰਾ ਮਿਆਰੀ ਪੰਜ ਫ਼ੀਸਦੀ ਦੀ ਬਜਾਏ 11.1 ਫ਼ੀਸਦੀ ਪਾਈ ਗਈ। ਜਿਸ ਤੋਂ ਬਾਅਦ ਫੂਡ ਸੇਫਟੀ ਵਿਭਾਗ ਨੇ ਨਵੰਬਰ 2021 ਵਿੱਚ ਸਬੰਧਤ ਕਾਰੋਬਾਰੀ ਵਿਕਰੇਤਾ ਵਿਰੁੱਧ ਕੇਸ ਦਰਜ ਕੀਤਾ ਸੀ। ਜਿੱਥੇ ਹੁਣ ਚਾਰ ਸਾਲ ਬਾਅਦ ਪਿਛਲੇ ਸ਼ੁੱਕਰਵਾਰ ਨੂੰ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਪਿਥੌਰਾਗੜ੍ਹ ਦੀ ਅਦਾਲਤ ਨੇ ਆਪਣਾ ਫੈਸਲਾ ਸੁਣਾਇਆ। ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਵਿਕਰੇਤਾ ਗੌਰਵ ਟਰੇਡਿੰਗ ਕੰਪਨੀ ਨੂੰ 40 ਹਜ਼ਾਰ ਰੁਪਏ ਅਤੇ ਸੁਪਰ ਸਟਾਕਿਸਟ ਕਾਨਹਾਜੀ ਡਿਸਟ੍ਰੀਬਿਊਟਰ ਰਾਮਨਗਰ ਨੂੰ 60 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਹੈ।

