ਚੰਡੀਗੜ੍ਹ, 30 ਅਕਤੂਬਰ 2024 – ਦੀਵਾਲੀ ਦੇ ਤਿਉਹਾਰ ਮੌਕੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਦੀਵਾਲੀ ਤੋਂ ਪਹਿਲਾਂ ਲੋਕਾਂ ਨੂੰ ਰਾਹਤ ਦਿੰਦੇ ਹੋਏ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਕਟੌਤੀ ਕਰ ਦਿੱਤੀ ਗਈ ਹੈ। ਇਨ੍ਹਾਂ ਕੀਮਤਾਂ ਵਿਚ 12 ਤੋਂ 15 ਪੈਸੇ ਤੱਕ ਦੀ ਕਟੌਤੀ ਕੀਤੀ ਗਈ ਹੈ। ਅੱਜ ਜਲੰਧਰ ‘ਚ ਪੈਟਰੋਲ ਦੀ ਕੀਮਤ 96.81 ਰੁਪਏ ਪ੍ਰਤੀ ਲੀਟਰ ਹੈ। ਪਿਛਲੇ 10 ਦਿਨਾਂ ‘ਚ ਜਲੰਧਰ ‘ਚ ਪੈਟਰੋਲ ਦੀ ਕੀਮਤ 97.05 ਰੁਪਏ ਪ੍ਰਤੀ ਲੀਟਰ ਤੋਂ ਘਟ ਕੇ 96.81 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਜੇਕਰ ਅਸੀਂ ਪਿਛਲੇ ਮਹੀਨੇ ਦੀ ਕੀਮਤ ਦੀ ਅੱਜ ਦੀ ਕੀਮਤ ਨਾਲ ਤੁਲਨਾ ਕਰੀਏ, ਤਾਂ ਕੀਮਤ 0.24 ਫ਼ੀਸਦੀ ਤੱਕ ਘੱਟ ਗਈ ਹੈ।
ਦੱਸ ਦੇਈਏ ਕਿ ਰਾਜਾਂ ਦੇ ਅੰਦਰ ਮਾਲ ਢੁਆਈ ਲਾਗਤ ਵਿੱਚ ਕਮੀ ਕਾਰਨ ਕੁਝ ਰਾਜਾਂ ਵਿੱਚ ਪੈਟਰੋਲ ਅਤੇ ਡੀਜ਼ਲ ਸਸਤਾ ਹੋ ਗਿਆ ਹੈ। ਓਡੀਸ਼ਾ, ਛੱਤੀਸਗੜ੍ਹ, ਅਰੁਣਾਚਲ ਪ੍ਰਦੇਸ਼, ਉੱਤਰਾਖੰਡ, ਮਿਜ਼ੋਰਮ ਅਤੇ ਹਿਮਾਚਲ ਪ੍ਰਦੇਸ਼ ਵਿੱਚ ਈਂਧਨ ਦੀਆਂ ਕੀਮਤਾਂ ਵਿੱਚ ਕਮੀ ਆਈ ਹੈ। ਉਦਾਹਰਨ ਲਈ ਓਡੀਸ਼ਾ ਦੇ ਕੁਨਾਨਪੱਲੀ, ਮਲਕਾਨਗਿਰੀ ਵਿੱਚ ਪੈਟਰੋਲ 4.69 ਰੁਪਏ ਅਤੇ ਡੀਜ਼ਲ 4.45 ਰੁਪਏ ਸਸਤਾ ਹੋ ਗਿਆ ਹੈ।
ਇਸੇ ਤਰ੍ਹਾਂ ਛੱਤੀਸਗੜ੍ਹ ਦੇ ਸੁਕਮਾ ਵਿੱਚ ਪੈਟਰੋਲ 2.09 ਰੁਪਏ ਅਤੇ ਡੀਜ਼ਲ 2.02 ਰੁਪਏ ਪ੍ਰਤੀ ਲੀਟਰ ਸਸਤਾ ਹੋ ਗਿਆ ਹੈ। ਕੱਚੇ ਤੇਲ ਦੀ ਗੱਲ ਕਰੀਏ ਤਾਂ ਪਿਛਲੇ 24 ਘੰਟਿਆਂ ‘ਚ ਇਸ ਦੀਆਂ ਕੀਮਤਾਂ ‘ਚ ਵੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਬ੍ਰੈਂਟ ਕਰੂਡ ਦੀ ਕੀਮਤ 71.25 ਡਾਲਰ ਪ੍ਰਤੀ ਬੈਰਲ ਤੱਕ ਡਿੱਗ ਗਈ ਹੈ। ਡਬਲਯੂਟੀਆਈ ਦੀ ਦਰ ਵੀ ਡਿੱਗ ਕੇ 67.37 ਡਾਲਰ ਪ੍ਰਤੀ ਬੈਰਲ ਰਹਿ ਗਈ ਹੈ।