- ਕਿਹਾ- ਮੇਰਾ ਸਨਮਾਨ ਭਾਰਤੀਆਂ ਲਈ ਮਾਣ ਦੀ ਗੱਲ,
- ਫਰਾਂਸ ਦੀ ਆਪਣੀ ਦੋ ਦਿਨਾਂ ਯਾਤਰਾ ਪੂਰੀ ਕਰਨ ਤੋਂ ਯੂਏਈ ਲਈ ਰਵਾਨਾ ਹੋਏ PM ਮੋਦੀ
ਨਵੀਂ ਦਿੱਲੀ, 15 ਜੁਲਾਈ 2023 – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਦੀ ਆਪਣੀ ਦੋ ਦਿਨਾਂ ਯਾਤਰਾ ਪੂਰੀ ਕਰਨ ਤੋਂ ਬਾਅਦ ਸੰਯੁਕਤ ਅਰਬ ਅਮੀਰਾਤ (ਯੂਏਈ) ਲਈ ਰਵਾਨਾ ਹੋ ਗਏ ਹਨ। ਇਸ ਤੋਂ ਪਹਿਲਾਂ, ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਲੂਵਰ ਮਿਊਜ਼ੀਅਮ ਵਿੱਚ ਉਨ੍ਹਾਂ ਲਈ ਰਾਤ ਦੇ ਖਾਣੇ ਦੀ ਮੇਜ਼ਬਾਨੀ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਅਤੇ ਫਰਾਂਸ ਨਾ ਸਿਰਫ਼ ਦੋਵਾਂ ਦੇਸ਼ਾਂ ਦੀ ਬਿਹਤਰੀ ਲਈ ਸਗੋਂ ਵਿਸ਼ਵ ਸੁਰੱਖਿਆ ਅਤੇ ਸ਼ਾਂਤੀ ਲਈ ਵੀ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ।
ਉਨ੍ਹਾਂ ਕਿਹਾ ਕਿ ਕੱਲ੍ਹ ਮੈਨੂੰ ਫਰਾਂਸ ਦੇ ਸਰਵਉੱਚ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਹ ਮੇਰੇ ਅਤੇ ਸਾਰੇ ਭਾਰਤੀਆਂ ਲਈ ਮਾਣ ਅਤੇ ਸਨਮਾਨ ਦੀ ਗੱਲ ਹੈ। ਪਿਛਲੇ 25 ਸਾਲਾਂ ‘ਚ ਦੁਨੀਆ ਨੇ ਕਈ ਉਤਰਾਅ-ਚੜ੍ਹਾਅ ਦੇਖੇ ਹਨ, ਫਿਰ ਵੀ ਭਾਰਤ ਅਤੇ ਫਰਾਂਸ ਦੀ ਦੋਸਤੀ ਮਜ਼ਬੂਤ ਬਣੀ ਹੋਈ ਹੈ।
ਪੀਐਮ ਮੋਦੀ ਦੇ ਦੌਰੇ ਮੌਕੇ ਭਾਰਤ ਅਤੇ ਫਰਾਂਸ ਵਿਚਾਲੇ 3 ਸਕਾਰਪੀਨ ਸ਼੍ਰੇਣੀ ਦੀਆਂ ਪਣਡੁੱਬੀਆਂ ਅਤੇ ਲੜਾਕੂ ਜਹਾਜ਼ਾਂ ਦੇ ਇੰਜਣ ਇਕੱਠੇ ਬਣਾਉਣ ਦੀ ਡੀਲ ਹੋਈ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਫਰਾਂਸ ਦੀ ਰਾਸ਼ਟਰੀ ਦਿਵਸ ਪਰੇਡ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਦੋਵਾਂ ਦੇਸ਼ਾਂ ਵੱਲੋਂ ਸਾਂਝਾ ਬਿਆਨ ਵੀ ਜਾਰੀ ਕੀਤਾ ਗਿਆ ਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਰਾਂਸ ਦੇ ਰਾਸ਼ਟਰਪਤੀ ਮੈਕਰੋਨ ਨੂੰ ਚੰਦਨ ਦੀ ਲੱਕੜੀ ਦਾ ਬਣੇ ਸਿਤਾਰ ਦਾ ਤੋਹਫਾ ਦਿੱਤਾ। ਮੈਕਰੋਨ ਤੋਂ ਇਲਾਵਾ ਪੀਐਮ ਮੋਦੀ ਨੇ ਉਸ ਦੀ ਪਤਨੀ ਅਤੇ ਫਰਾਂਸ ਦੀ ਪ੍ਰਧਾਨ ਮੰਤਰੀ ਨੂੰ ਵੀ ਤੋਹਫੇ ਦਿੱਤੇ ਹਨ। ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਮੈਕਰੋਨ ਦੀ ਪਤਨੀ ਬ੍ਰਿਜੇਟ ਮੈਕਰੋਨ ਨੂੰ ਚੰਦਨ ਦੇ ਬਕਸੇ ਵਿੱਚ ਪੋਚਮਪਲੀ ਇਕਾਤ ਤੋਹਫੇ ਵਜੋਂ ਦਿੱਤੀ। ਇਹ “ਪਗਡੂ ਬੰਧੂ” ਸ਼ੈਲੀ ਵਿੱਚ ਰੰਗੇ ਜਿਓਮੈਟ੍ਰਿਕਲ ਪੈਟਰਨਾਂ ਵਾਲੀ ਇੱਕ ਰਵਾਇਤੀ ਤੇਲੰਗਾਨਾ ਸਾੜੀ ਹੈ।
ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਨੇ ਫਰਾਂਸ ਦੀ ਪ੍ਰਧਾਨ ਮੰਤਰੀ ਐਲਿਜ਼ਾਬੈਥ ਬੋਰਨ ਨੂੰ ਇੱਕ ‘ਸੰਗਮਰਮਰ ਦੇ ਇਨਲੇ ਵਰਕ ਟੇਬਲ’ ਅਤੇ ਫਰਾਂਸੀਸੀ ਨੈਸ਼ਨਲ ਅਸੈਂਬਲੀ ਦੇ ਸਪੀਕਰ, ਯੇਲੇ ਬਰੌਨ-ਪੀਵੇਟ ਨੂੰ ਹੱਥਾਂ ਨਾਲ ਬੁਣਿਆ ‘ਸਿਲਕ ਕਸ਼ਮੀਰੀ ਕਾਰਪੇਟ’ ਤੋਹਫ਼ਾ ਦਿੱਤਾ।
ਰਾਸ਼ਟਰਪਤੀ ਮੈਕਰੋਨ ਨੇ ਕਿਹਾ- ਪੈਰਿਸ ਵਿੱਚ ਭਾਰਤੀ ਫੌਜ ਦੀ ਪੰਜਾਬ ਰੈਜੀਮੈਂਟ ਨੂੰ ਮਾਰਚ ਪਾਸਟ ਕਰਦੇ ਹੋਏ ਦੇਖਣਾ ਮਾਣ ਵਾਲੀ ਗੱਲ ਹੈ। ਦੋਵਾਂ ਦੇਸ਼ਾਂ ਦੇ ਨੌਜਵਾਨਾਂ ਨੂੰ ਇੱਕ ਦੂਜੇ ਦੇ ਸਥਾਨ ‘ਤੇ ਸਿੱਖਿਆ ਅਤੇ ਹੋਰ ਸੱਭਿਆਚਾਰਕ ਗਤੀਵਿਧੀਆਂ ਵਿੱਚ ਹਿੱਸਾ ਲੈਣ ਦਾ ਮੌਕਾ ਮਿਲਣਾ ਚਾਹੀਦਾ ਹੈ। ਅਸੀਂ ਵੀਜ਼ਾ ਨਿਯਮਾਂ ਨੂੰ ਆਸਾਨ ਬਣਾਵਾਂਗੇ।
ਮੋਦੀ ਨੇ ਕਿਹਾ- ਪੈਰਿਸ ਵਰਗੇ ਸ਼ਹਿਰ ਵਿੱਚ ਇਸ ਗਰਮਜੋਸ਼ੀ ਨਾਲ ਸਵਾਗਤ ਲਈ ਰਾਸ਼ਟਰਪਤੀ ਮੈਕਰੋਨ ਦਾ ਧੰਨਵਾਦ। ਇੱਥੇ ਬੈਸਟੀਲ ਡੇਅ ਪਰੇਡ ਵਿੱਚ ਭਾਰਤ ਦੀ ਜਲ, ਜ਼ਮੀਨੀ ਅਤੇ ਹਵਾਈ ਸੈਨਾ ਦੀ ਤਾਕਤ ਦਿਖਾਈ ਗਈ। ਅਸੀਂ ਆਉਣ ਵਾਲੇ 25 ਸਾਲਾਂ ਲਈ ਟੀਚੇ ਤੈਅ ਕਰ ਰਹੇ ਹਾਂ। ਭਾਰਤ ਨੇ ਇਸ ਦੌਰਾਨ ਵਿਕਸਤ ਦੇਸ਼ ਬਣਨ ਦਾ ਟੀਚਾ ਰੱਖਿਆ ਹੈ।
ਅਸੀਂ ਫਰਾਂਸ ਨੂੰ ਕੁਦਰਤੀ ਸਾਥੀ ਵਜੋਂ ਦੇਖਦੇ ਹਾਂ। ਅਸੀਂ ਇੱਥੇ ਆਪਣਾ UPI ਲਾਂਚ ਕਰ ਰਹੇ ਹਾਂ। ਮੇਕ ਇਨ ਇੰਡੀਆ ਅਤੇ ਸਵੈ-ਨਿਰਭਰ ਭਾਰਤ ਵਿੱਚ ਫਰਾਂਸ ਇੱਕ ਮਹੱਤਵਪੂਰਨ ਭਾਈਵਾਲ ਹੈ। ਰੱਖਿਆ ਵਿੱਚ ਸਹਿਯੋਗ ਦੀ ਬਹੁਤ ਸੰਭਾਵਨਾ ਹੈ। ਪੁਲਾੜ ਏਜੰਸੀ ਵਿਚਾਲੇ ਅਹਿਮ ਸਮਝੌਤੇ ਹੋਏ ਹਨ। ਮਾਰਚੇ ਵਿੱਚ ਇੱਕ ਨਵਾਂ ਕੌਂਸਲੇਟ ਖੋਲ੍ਹਿਆ ਜਾਵੇਗਾ। ਫਰਾਂਸ ਦੀਆਂ ਯੂਨੀਵਰਸਿਟੀਆਂ ਨੂੰ ਭਾਰਤ ਵਿੱਚ ਕੈਂਪਸ ਖੋਲ੍ਹਣ ਲਈ ਸੱਦਾ ਦਿੱਤਾ ਗਿਆ ਹੈ।