ਨਵੀਂ ਦਿੱਲੀ, 2 ਸਤੰਬਰ 2022 – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਈ.ਐਨ.ਐਸ. ਵਿਕਰਾਂਤ ਦਾ ਉਦਘਾਟਨ ਕੀਤਾ। ਰੱਖਿਆ ਮੰਤਰੀ ਰਾਜਨਾਥ ਸਿੰਘ, ਰਾਜਪਾਲ ਆਰਿਫ ਮੁਹੰਮਦ ਖ਼ਾਨ, ਮੁੱਖ ਮੰਤਰੀ ਪਿਨਾਰਈ ਵਿਜਯਨ ਅਤੇ ਹੋਰ ਪਤਵੰਤੇ ਉਨ੍ਹਾਂ ਨਾਲ ਮੌਜੂਦ ਸਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲਾ ਸਵਦੇਸ਼ੀ ਜਹਾਜ਼ ਕੈਰੀਅਰ ਆਈਐਨਐਸ ਵਿਕਰਾਂਤ ਜਲ ਸੈਨਾ ਨੂੰ ਸੌਂਪ ਦਿੱਤਾ ਹੈ। INS ਵਿਕਰਾਂਤ ਦੀ ਖਾਸ ਗੱਲ ਇਹ ਹੈ ਕਿ ਇਹ ਸਵਦੇਸ਼ੀ ਜੰਗੀ ਬੇੜਾ ਹੈ। ਇਸਨੂੰ 2009 ਵਿੱਚ ਬਣਾਉਣਾ ਸ਼ੁਰੂ ਕੀਤਾ ਗਿਆ ਸੀ। ਭਾਰਤ ਦੇ ਸਮੁੰਦਰੀ ਇਤਿਹਾਸ ਵਿਚ ਹੁਣ ਤੱਕ ਦਾ ਇਹ ਸਭ ਤੋਂ ਵੱਡਾ ਜੰਗੀ ਬੇੜਾ ਹੈ। ਹੁਣ ਇਹ ਜਲ ਸੈਨਾ ਨੂੰ 13 ਸਾਲ ਬਾਅਦ ਮਿਲਿਆ ਹੈ। ਇਸ ਦੇ ਨਾਲ ਹੀ ਪੀਐਮ ਮੋਦੀ ਨੇ ਜਲ ਸੈਨਾ ਦੇ ਨਵੇਂ ਐਨਸਾਈਨ ਦਾ ਵੀ ਉਦਘਾਟਨ ਕੀਤਾ। ਜਲ ਸੈਨਾ ਦਾ ਨਵਾਂ ਨਿਸ਼ਾਨ ਬਸਤੀਵਾਦੀ ਅਤੀਤ ਤੋਂ ਦੂਰ ਹੈ ਅਤੇ ਭਾਰਤੀ ਸਮੁੰਦਰੀ ਵਿਰਾਸਤ ਨਾਲ ਲੈਸ ਹੈ।
ਆਈਐਨਐਸ ਵਿਕਰਾਂਤ 31 ਜਨਵਰੀ 1997 ਨੂੰ ਜਲ ਸੈਨਾ ਤੋਂ ਸੇਵਾਮੁਕਤ ਹੋਇਆ ਸੀ। ਹੁਣ ਲਗਭਗ 25 ਸਾਲਾਂ ਬਾਅਦ, INS ਵਿਕਰਾਂਤ ਦਾ ਇੱਕ ਵਾਰ ਫਿਰ ਤੋਂ ਨਵਾਂ ਜਨਮ ਹੋਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਥੋੜ੍ਹੀ ਦੇਰ ਪਹਿਲਾਂ ਇਸ ਨੂੰ ਭਾਰਤੀ ਜਲ ਸੈਨਾ ਨੂੰ ਸੌਂਪਿਆ। 1971 ਦੀ ਜੰਗ ਵਿੱਚ, ਆਈਐਨਐਸ ਵਿਕਰਾਂਤ ਨੇ ਆਪਣੇ ਸੀਹਾਕ ਲੜਾਕੂ ਜਹਾਜ਼ਾਂ ਨਾਲ ਬੰਗਲਾਦੇਸ਼ ਵਿੱਚ ਚਟਗਾਉਂ, ਕਾਕਸ ਬਾਜ਼ਾਰ ਅਤੇ ਖੁੱਲਨਾ ਵਿੱਚ ਦੁਸ਼ਮਣ ਦੇ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ।
ਨਵਾਂ INS ਵਿਕਰਾਂਤ ਭਾਰਤ ਵਿੱਚ ਬਣਿਆ ਪਹਿਲਾ ਏਅਰਕ੍ਰਾਫਟ ਕੈਰੀਅਰ ਹੈ। ਆਈਐਨਐਸ ਵਿਕਰਾਂਤ 20 ਲੜਾਕੂ ਜਹਾਜ਼ਾਂ ਅਤੇ 32 ਮਿਜ਼ਾਈਲਾਂ ਨਾਲ ਲੈਸ ਹੁੰਦਾ ਹੈ ਅਤੇ ਲੜਾਕੂ ਜਹਾਜ਼ ਸਿਰਫ 3 ਸਕਿੰਟਾਂ ਵਿੱਚ ਉਡਾਣ ਭਰ ਸਕਦੇ ਹਨ।