- ਇਕ ਦਿਨ ਪਹਿਲਾਂ ਬਾਈਡੇਨ ਨੂੰ ਕੀਤਾ ਸੀ ਫੋਨ
ਨਵੀਂ ਦਿੱਲੀ, 28 ਅਗਸਤ 2024 – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਯੂਕਰੇਨ ਦੌਰੇ ਦੇ 4 ਦਿਨ ਬਾਅਦ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਗੱਲਬਾਤ ਕੀਤੀ ਹੈ। ਮੋਦੀ ਨੇ ਮੰਗਲਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਲਿਖਿਆ, “ਭਾਰਤ ਅਤੇ ਰੂਸ ਵਿਚਾਲੇ ਵਿਸ਼ੇਸ਼ ਅਤੇ ਰਣਨੀਤਕ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਬਾਰੇ ਪੁਤਿਨ ਨਾਲ ਗੱਲ ਕੀਤੀ। ਰੂਸ-ਯੂਕਰੇਨ ਯੁੱਧ ਬਾਰੇ ਵੀ ਉਨ੍ਹਾਂ ਨਾਲ ਵਿਚਾਰ ਸਾਂਝੇ ਕੀਤੇ।”
2 ਮਹੀਨਿਆਂ ‘ਚ ਇਹ ਦੂਜੀ ਵਾਰ ਹੈ ਜਦੋਂ ਪੀਐੱਮ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਪੁਤਿਨ ਨਾਲ ਯੁੱਧ ਰੋਕਣ ਦੀ ਗੱਲ ਕੀਤੀ ਹੈ। ਇਸ ਤੋਂ ਪਹਿਲਾਂ ਮੋਦੀ 8 ਜੁਲਾਈ ਨੂੰ ਰੂਸ ਗਏ ਸਨ। ਉਦੋਂ ਵੀ ਦੋਵਾਂ ਵਿਚਾਲੇ ਇਸ ਮੁੱਦੇ ‘ਤੇ ਚਰਚਾ ਹੋਈ ਸੀ। ਪੀਐਮ ਮੋਦੀ ਨੇ ਕਿਹਾ ਸੀ, “ਇਹ ਜੰਗ ਦਾ ਸਮਾਂ ਨਹੀਂ ਹੈ।” ਪੀਐਮ ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਪੁਤਿਨ ਨੂੰ ਆਪਣੀ ਹਾਲੀਆ ਯੂਕਰੇਨ ਯਾਤਰਾ ਬਾਰੇ ਵੀ ਜਾਣਕਾਰੀ ਦਿੱਤੀ। ਉਸਨੇ ਜੰਗ ਦੇ ਸ਼ਾਂਤੀਪੂਰਨ ਹੱਲ ਲਈ ਭਾਰਤ ਦੀ ਵਚਨਬੱਧਤਾ ਨੂੰ ਦੁਹਰਾਇਆ।
ਇੱਕ ਦਿਨ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਨਾਲ ਵੀ ਗੱਲਬਾਤ ਕੀਤੀ ਸੀ। ਪ੍ਰਧਾਨ ਮੰਤਰੀ ਮੋਦੀ ਨੇ ਯੂਕਰੇਨ ਵਿੱਚ ਸ਼ਾਂਤੀ ਅਤੇ ਸਥਿਰਤਾ ਲਈ ਭਾਰਤ ਦੇ ਸਮਰਥਨ ਨੂੰ ਦੁਹਰਾਇਆ ਸੀ। ਮੋਦੀ ਅਤੇ ਬਾਈਡੇਨ ਵਿਚਾਲੇ ਬੰਗਲਾਦੇਸ਼ ਦੇ ਮੁੱਦੇ ‘ਤੇ ਵੀ ਚਰਚਾ ਹੋਈ। ਮੋਦੀ ਅਤੇ ਬਾਈਡੇਨ ਨੇ ਬੰਗਲਾਦੇਸ਼ ਵਿੱਚ ਘੱਟ ਗਿਣਤੀਆਂ ਖਾਸ ਕਰਕੇ ਹਿੰਦੂਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ‘ਤੇ ਜ਼ੋਰ ਦਿੱਤਾ।
ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਪਿਛਲੇ ਹਫਤੇ ਭਾਰਤੀ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਸੀ ਕਿ ਯੂਕਰੇਨ ਯੁੱਧ ਦੇ ਹੱਲ ਲਈ ਦੂਜੀ ਸ਼ਾਂਤੀ ਕਾਨਫਰੰਸ ਭਾਰਤ ਵਿੱਚ ਹੋਣੀ ਚਾਹੀਦੀ ਹੈ। ਜ਼ੇਲੇਂਸਕੀ ਨੇ ਇਸ ਸਬੰਧੀ ਪੀਐਮ ਮੋਦੀ ਨਾਲ ਗੱਲ ਕੀਤੀ ਸੀ। ਦਰਅਸਲ, ਯੂਕਰੇਨ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਦੂਜੀ ਸ਼ਾਂਤੀ ਸੰਮੇਲਨ ਗਲੋਬਲ ਸਾਊਥ ਦੇਸ਼ਾਂ ‘ਚ ਹੋਵੇ।
ਜ਼ੇਲੇਂਸਕੀ ਨੇ ਦੱਸਿਆ ਸੀ ਕਿ ਭਾਰਤ ਤੋਂ ਇਲਾਵਾ ਸਾਊਦੀ ਅਰਬ, ਕਤਰ ਅਤੇ ਤੁਰਕੀ ਨਾਲ ਵੀ ਦੂਜੀ ਸ਼ਾਂਤੀ ਕਾਨਫਰੰਸ ਦੇ ਆਯੋਜਨ ਲਈ ਗੱਲਬਾਤ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਾਂਤੀ ਕਾਨਫ਼ਰੰਸ ਉਸ ਦੇਸ਼ ਵਿੱਚ ਹੀ ਹੋਵੇਗੀ ਜੋ ਇਸ ਵਿੱਚ ਦਿਲਚਸਪੀ ਰੱਖਦਾ ਹੈ।
ਇਸ ਤੋਂ ਪਹਿਲਾਂ ਜੂਨ ‘ਚ ਸਵਿਟਜ਼ਰਲੈਂਡ ‘ਚ ਪਹਿਲੀ ਯੂਕਰੇਨ ਸ਼ਾਂਤੀ ਕਾਨਫਰੰਸ ਹੋਈ ਸੀ, ਜਿਸ ‘ਚ ਰੂਸ ਨੇ ਹਿੱਸਾ ਨਹੀਂ ਲਿਆ ਸੀ। ਹੁਣ ਯੂਕਰੇਨ ਇੱਕ ਵਾਰ ਫਿਰ ਸ਼ਾਂਤੀ ਲਈ ਆਪਣੀਆਂ ਸ਼ਰਤਾਂ ਅੱਗੇ ਰੱਖਣ ਅਤੇ ਇਸ ਵਿੱਚ ਰੂਸ ਦੇ ਪ੍ਰਤੀਨਿਧਾਂ ਨੂੰ ਸ਼ਾਮਲ ਕਰਨ ਲਈ ਸ਼ਾਂਤੀ ਸੰਮੇਲਨ ਕਰਵਾਉਣ ‘ਤੇ ਜ਼ੋਰ ਦੇ ਰਿਹਾ ਹੈ।
ਪ੍ਰਧਾਨ ਮੰਤਰੀ ਮੋਦੀ ਪਿਛਲੇ ਹਫਤੇ 23 ਅਗਸਤ ਨੂੰ ਯੂਕਰੇਨ ਦੇ ਦੌਰੇ ‘ਤੇ ਸਨ। ਇਸ ਦੌਰਾਨ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ ਮੁਲਾਕਾਤ ‘ਚ ਮੋਦੀ ਨੇ ਕਿਹਾ ਸੀ, ‘ਭਾਰਤ ਹਮੇਸ਼ਾ ਸ਼ਾਂਤੀ ਦੇ ਪੱਖ ‘ਚ ਰਿਹਾ ਹੈ। ਮੈਂ ਕੁਝ ਦਿਨ ਪਹਿਲਾਂ ਰੂਸੀ ਰਾਸ਼ਟਰਪਤੀ ਪੁਤਿਨ ਨੂੰ ਮਿਲਿਆ ਸੀ। ਫਿਰ ਮੈਂ ਮੀਡੀਆ ਦੇ ਸਾਹਮਣੇ ਪੁਤਿਨ ਦੀਆਂ ਅੱਖਾਂ ‘ਚ ਅੱਖਾਂ ਪਾ ਦੇਖਿਆ ਅਤੇ ਕਿਹਾ ਕਿ ਇਹ ਯੁੱਧ ਦਾ ਸਮਾਂ ਨਹੀਂ ਹੈ।
ਮੋਦੀ ਅਤੇ ਜ਼ੇਲੇਂਸਕੀ ਵਿਚਾਲੇ ਯੂਕਰੇਨ ਦੇ ਮਾਰੀੰਸਕੀ ਪੈਲੇਸ ‘ਚ ਕਰੀਬ 3 ਘੰਟੇ ਤੱਕ ਬੈਠਕ ਹੋਈ। ਮੋਦੀ ਨੇ ਜ਼ੇਲੇਂਸਕੀ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ। ਮੋਦੀ ਜ਼ੇਲੇਂਸਕੀ ਦੇ ਨਾਲ ਯੂਕਰੇਨ ਦੇ ਰਾਸ਼ਟਰੀ ਅਜਾਇਬ ਘਰ ਵੀ ਗਏ, ਜਿੱਥੇ ਉਨ੍ਹਾਂ ਨੇ ਯੁੱਧ ਵਿੱਚ ਮਾਰੇ ਗਏ ਬੱਚਿਆਂ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਨੇ ਬੱਚਿਆਂ ਦੇ ਸਮਾਰਕ ‘ਤੇ ਇੱਕ ਗੁੱਡੀ ਵੀ ਰੱਖੀ।