ਨਵੀਂ ਦਿੱਲੀ, 28 ਫਰਵਰੀ 2024 – ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਨਾਲ ਜੁੜੇ ਲਾਭਪਾਤਰੀਆਂ ਨੂੰ ਅੱਜ 16ਵੀਂ ਕਿਸ਼ਤ ਮਿਲੇਗੀ। ਅਧਿਕਾਰਤ ਪੋਰਟਲ ‘ਤੇ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ 16ਵੀਂ ਕਿਸ਼ਤ ਜਾਰੀ ਕਰਨ ਦਾ ਐਲਾਨ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ ਕਿਸ਼ਤ ਜਾਰੀ ਕਰਨਗੇ।
ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ 16ਵੀਂ ਕਿਸ਼ਤ ਅੱਜ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਆਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯਵਤਮਾਲ, ਮਹਾਰਾਸ਼ਟਰ ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ ਡਾਇਰੈਕਟ ਬੈਨੀਫਿਟ ਟ੍ਰਾਂਸਫਰ (DBT) ਰਾਹੀਂ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਕਿਸ਼ਤ ਦੇ ਪੈਸੇ ਟ੍ਰਾਂਸਫਰ ਕਰਨਗੇ। ਇਸ ਤੋਂ ਪਹਿਲਾਂ, 15ਵੀਂ ਕਿਸ਼ਤ 15 ਨਵੰਬਰ 2023 ਨੂੰ ਜਾਰੀ ਕੀਤੀ ਗਈ ਸੀ। ਅੱਜ ਪ੍ਰਧਾਨ ਮੰਤਰੀ ਦੇਸ਼ ਭਰ ਦੇ ਯੋਗ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਲਗਭਗ 21 ਹਜ਼ਾਰ ਕਰੋੜ ਰੁਪਏ ਦੀ ਰਕਮ ਟਰਾਂਸਫਰ ਕਰਨਗੇ। ਵਰਣਨਯੋਗ ਹੈ ਕਿ ਕੇਂਦਰ ਸਰਕਾਰ ਦੀਆਂ ਮਹੱਤਵਪੂਰਨ ਯੋਜਨਾਵਾਂ ਵਿੱਚੋਂ ਇੱਕ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਹੈ, ਜੋ ਕਿਸਾਨਾਂ ਲਈ ਚਲਾਈ ਜਾਂਦੀ ਹੈ। ਇਸ ਸਕੀਮ ਤਹਿਤ ਕਿਸਾਨਾਂ ਨੂੰ ਸਾਲ ਵਿੱਚ ਤਿੰਨ ਵਾਰ ਦੋ ਹਜ਼ਾਰ ਰੁਪਏ ਦੀ ਕਿਸ਼ਤ ਦਿੱਤੀ ਜਾਂਦੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇਰਲ, ਤਾਮਿਲਨਾਡੂ ਅਤੇ ਮਹਾਰਾਸ਼ਟਰ ਦੇ ਦੋ ਦਿਨਾਂ ਦੌਰੇ ‘ਤੇ ਹਨ, ਜਿਸ ਦੌਰਾਨ ਉਨ੍ਹਾਂ ਨੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਅੱਜ ਪੀਐਮ ਮੋਦੀ ਮਹਾਰਾਸ਼ਟਰ ਵਿੱਚ ਆਪਣੀ ਯਾਤਰਾ ਸਮਾਪਤ ਕਰਨਗੇ। 28 ਫਰਵਰੀ ਦੀ ਸਵੇਰ ਨੂੰ, ਮੋਦੀ ਤਮਿਲਨਾਡੂ ਦੇ ਥੂਥੂਕੁਡੀ ਵਿੱਚ ਲਗਭਗ 17,300 ਕਰੋੜ ਰੁਪਏ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ।