ਨਵੀਂ ਦਿੱਲੀ, 21 ਮਾਰਚ 2024 – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭੂਟਾਨ ਦਾ ਦੋ ਦਿਨਾ ਦੌਰਾ ਰੱਦ ਕਰ ਦਿੱਤਾ ਗਿਆ ਹੈ। ਵਿਦੇਸ਼ ਮੰਤਰਾਲੇ ਨੇ ਬੁੱਧਵਾਰ (20 ਮਾਰਚ) ਨੂੰ ਕਿਹਾ ਕਿ ਖਰਾਬ ਮੌਸਮ ਕਾਰਨ ਪ੍ਰਧਾਨ ਮੰਤਰੀ ਦਾ ਦੌਰਾ ਮੁਲਤਵੀ ਕਰ ਦਿੱਤਾ ਗਿਆ ਹੈ। ਹੁਣ ਦੋਵੇਂ ਦੇਸ਼ ਇਸ ਮੁਲਾਕਾਤ ਲਈ ਨਵੀਆਂ ਤਰੀਕਾਂ ‘ਤੇ ਕੰਮ ਕਰ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਅੱਜ 21 ਮਾਰਚ ਤੋਂ ਗੁਆਂਢੀ ਦੇਸ਼ ਭੂਟਾਨ ਦੇ ਦੋ ਦਿਨਾਂ ਦੌਰੇ ‘ਤੇ ਜਾਣ ਵਾਲੇ ਸਨ।
ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ਮੁਤਾਬਕ, ”ਭੂਟਾਨ ਦੇ ਪਾਰੋ ਹਵਾਈ ਅੱਡੇ ‘ਤੇ ਖਰਾਬ ਮੌਸਮ ਦੇ ਕਾਰਨ ਪ੍ਰਧਾਨ ਮੰਤਰੀ ਮੋਦੀ ਦੀ 21-22 ਮਾਰਚ 2024 ਨੂੰ ਭੂਟਾਨ ਦੀ ਰਾਜ ਯਾਤਰਾ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਨਵੀਆਂ ਤਰੀਕਾਂ ਦਾ ਐਲਾਨ ਜਲਦ ਕੀਤਾ ਜਾਵੇਗਾ। ਜਿਨ੍ਹਾਂ ਬਾਰੇ ਦੋਵੇਂ ਦੇਸ਼ ਵਿਚਾਰ-ਚਰਚਾ ਕਰ ਰਹੇ ਹਨ।
ਭੂਟਾਨ ਦੇ ਪ੍ਰਧਾਨ ਮੰਤਰੀ ਤੋਬਗੇ ਹਾਲ ਹੀ ਵਿੱਚ ਭਾਰਤ ਦੇ ਪੰਜ ਦਿਨਾਂ ਦੌਰੇ ‘ਤੇ ਆਏ ਸਨ। ਜਨਵਰੀ 2024 ਵਿੱਚ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਵਿਦੇਸ਼ ਯਾਤਰਾ ਸੀ। ਆਪਣੀ ਯਾਤਰਾ ਦੌਰਾਨ ਤੋਬਗੇ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕੀਤੀ। ਕਈ ਪ੍ਰੋਗਰਾਮਾਂ ਵਿੱਚ ਵੀ ਹਿੱਸਾ ਲਿਆ। ਤੋਬਗੇ ਨੇ ਕਈ ਉਦਯੋਗਪਤੀਆਂ ਨਾਲ ਮੀਟਿੰਗਾਂ ਵੀ ਕੀਤੀਆਂ।
14 ਮਾਰਚ ਨੂੰ ਪੀਐਮ ਮੋਦੀ ਨਾਲ ਮੁਲਾਕਾਤ ਦੌਰਾਨ ਤੋਗਬੇ ਨੇ ਉਨ੍ਹਾਂ ਨੂੰ ਭੂਟਾਨ ਆਉਣ ਦਾ ਸੱਦਾ ਦਿੱਤਾ ਸੀ, ਜਿਸ ਨੂੰ ਪੀਐਮ ਮੋਦੀ ਨੇ ਸਵੀਕਾਰ ਕਰ ਲਿਆ ਸੀ। 21 ਅਤੇ 22 ਮਾਰਚ ਨੂੰ ਪੀਐਮ ਮੋਦੀ ਨੇ ਭੂਟਾਨ ਦਾ ਦੌਰਾ ਕਰਨਾ ਸੀ।