- ਸੰਸਦੀ ਜਾਣ ਤੋਂ ਪਹਿਲਾਂ ਰਾਹੁਲ ਗਾਂਧੀ 19 ਸਾਲ ਤੱਕ ਇਸ ਬੰਗਲਾਲੇ ‘ਚ ਰਹੇ,
- ਮੋਦੀ ਸਰਨੇਮ ਮਾਮਲੇ ‘ਚ 2 ਸਾਲ ਦੀ ਸਜ਼ਾ ਮਿਲਣ ਤੋਂ ਬਾਅਦ ਇਹ ਬੰਗਲਾ ਕਰਨਾ ਪਿਆ ਸੀ ਖਾਲੀ
ਨਵੀਂ ਦਿੱਲੀ, 9 ਅਗਸਤ 2023 – ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੂੰ ਮੰਗਲਵਾਰ ਨੂੰ 12 ਤੁਗਲਕ ਲੇਨ ਸਥਿਤ ਆਪਣਾ ਪੁਰਾਣਾ ਸਰਕਾਰੀ ਬੰਗਲਾ ਵਾਪਸ ਮਿਲ ਗਿਆ ਹੈ। ਸੰਸਦ ਦੀ ਹਾਊਸਿੰਗ ਕਮੇਟੀ ਨੇ ਰਾਹੁਲ ਨੂੰ ਸੰਸਦ ਮੈਂਬਰੀ ਬਹਾਲ ਹੋ ਜਾਣ ਤੋਂ ਇਕ ਦਿਨ ਬਾਅਦ ਇਹ ਬੰਗਲਾ ਅਲਾਟ ਕੀਤਾ ਸੀ। ਰਾਹੁਲ ਇਹ ਬੰਗਲਾ ਲੈਣਗੇ ਜਾਂ ਨਹੀਂ, ਉਨ੍ਹਾਂ ਨੂੰ 8 ਦਿਨਾਂ ‘ਚ ਜਵਾਬ ਦੇਣਾ ਹੋਵੇਗਾ।
ਰਾਹੁਲ ਜਦੋਂ ਕਾਂਗਰਸ ਹੈੱਡਕੁਆਰਟਰ ਪੁੱਜੇ ਤਾਂ ਉਨ੍ਹਾਂ ਤੋਂ ਬੰਗਲਾ ਵਾਪਸ ਲੈਣ ਬਾਰੇ ਸਵਾਲ ਕੀਤੇ ਗਏ। ਇਸ ‘ਤੇ ਰਾਹੁਲ ਨੇ ਕਿਹਾ- ਮੇਰਾ ਘਰ ਪੂਰਾ ਭਾਰਤ ਹੈ। ਰਾਹੁਲ ਗਾਂਧੀ 19 ਸਾਲ ਤੱਕ 12 ਤੁਗਲਕ ਲੇਨ ਵਿੱਚ ਰਹੇ ਹਨ। ਮੋਦੀ ਸਰਨੇਮ ਮਾਮਲੇ ‘ਚ 2 ਸਾਲ ਦੀ ਸਜ਼ਾ ਮਿਲਣ ਤੋਂ ਬਾਅਦ 22 ਅਪ੍ਰੈਲ 2023 ਨੂੰ ਉਨ੍ਹਾਂ ਨੂੰ ਇਹ ਬੰਗਲਾ ਖਾਲੀ ਕਰਨਾ ਪਿਆ ਸੀ।
ਰਾਹੁਲ 12 ਅਤੇ 13 ਅਗਸਤ ਨੂੰ ਆਪਣੇ ਸੰਸਦੀ ਖੇਤਰ ਵਾਇਨਾਡ ਦਾ ਵੀ ਦੌਰਾ ਕਰਨਗੇ। ਸਾਂਸਦ ਦੇ ਤੌਰ ‘ਤੇ ਬਹਾਲ ਹੋਣ ਤੋਂ ਬਾਅਦ ਇਹ ਵਾਇਨਾਡ ਦਾ ਉਨ੍ਹਾਂ ਦਾ ਪਹਿਲਾ ਦੌਰਾ ਹੋਵੇਗਾ।
ਰਾਹੁਲ ਗਾਂਧੀ 2004 ‘ਚ ਪਹਿਲੀ ਵਾਰ ਅਮੇਠੀ ਤੋਂ ਸੰਸਦ ਮੈਂਬਰ ਬਣੇ ਸਨ। ਉਦੋਂ ਤੱਕ ਉਹ ਆਪਣੀ ਮਾਂ ਨਾਲ 10 ਜਨਪਥ ਸਥਿਤ ਬੰਗਲੇ ਵਿੱਚ ਰਹਿੰਦੇ ਸੀ। ਉਨ੍ਹਾਂ ਨੂੰ ਪਹਿਲੀ ਵਾਰ 2005 ਵਿੱਚ 12 ਤੁਗਲਕ ਲੇਨ ਵਿੱਚ ਇੱਕ ਬੰਗਲਾ ਅਲਾਟ ਕੀਤਾ ਗਿਆ ਸੀ ਜਦੋਂ ਉਹ ਸਾਂਸਦ ਬਣੇ ਸਨ।
ਇਹ ਦਿੱਲੀ ਦੇ ਲੁਟੀਅਨ ਜ਼ੋਨ ਵਿੱਚ ਸਥਿਤ ਇੱਕ ਟਾਈਪ-8 ਬੰਗਲਾ ਹੈ, ਜੋ ਕਿ ਸਭ ਤੋਂ ਉੱਚੀ ਸ਼੍ਰੇਣੀ ‘ਚ ਹੈ। ਇਸ ਆਲੀਸ਼ਾਨ ਬੰਗਲੇ ਵਿੱਚ 5 ਬੈੱਡਰੂਮ, 1 ਹਾਲ, 1 ਡਾਇਨਿੰਗ ਰੂਮ, 1 ਸਟੱਡੀ ਰੂਮ ਅਤੇ ਨੌਕਰ ਕੁਆਟਰ ਹਨ। ਰਾਹੁਲ ਗਾਂਧੀ ਇੱਕ ਨਿੱਜੀ ਹਾਊਸ ਵਾਰਮਿੰਗ ਸਮਾਰੋਹ ਤੋਂ ਬਾਅਦ ਇਸ ਬੰਗਲੇ ਵਿੱਚ ਸ਼ਿਫਟ ਹੋਏ ਹਨ। ਇਸ ਸਮਾਰੋਹ ‘ਚ ਸੋਨੀਆ, ਪ੍ਰਿਅੰਕਾ, ਰਾਬਰਟ ਸਮੇਤ ਉਨ੍ਹਾਂ ਦੇ ਕਰੀਬੀ ਲੋਕ ਹੀ ਸ਼ਾਮਲ ਹੋਏ। ਇਸਦੀ ਕੋਈ ਜਨਤਕ ਫੋਟੋ ਨਹੀਂ ਹੈ।
ਇਸ ਸਾਲ 26 ਫਰਵਰੀ ਨੂੰ ਰਾਹੁਲ ਨੇ ਕਾਂਗਰਸ ਦੇ 85ਵੇਂ ਸੈਸ਼ਨ ‘ਚ ਕਿਹਾ ਸੀ ਕਿ ਮੇਰਾ ਕੋਈ ਘਰ ਨਹੀਂ ਹੈ। ਰਾਹੁਲ 12, ਤੁਗਲਕ ਲੇਨ ਸਥਿਤ ਸਰਕਾਰੀ ਬੰਗਲਾ ਖਾਲੀ ਕਰਨ ਤੋਂ ਬਾਅਦ 10 ਜਨਪਥ ਸਥਿਤ ਆਪਣੀ ਮਾਂ ਸੋਨੀਆ ਗਾਂਧੀ ਦੀ ਰਿਹਾਇਸ਼ ‘ਤੇ ਸ਼ਿਫਟ ਹੋ ਗਏ ਸਨ।
ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਦੱਸਿਆ ਕਿ ਰਾਹੁਲ ਗਾਂਧੀ 12-13 ਅਗਸਤ ਨੂੰ ਆਪਣੇ ਸੰਸਦੀ ਖੇਤਰ ਵਾਇਨਾਡ ਦਾ ਦੌਰਾ ਕਰਨਗੇ। ਸਾਂਸਦ ਦੀ ਬਹਾਲੀ ਤੋਂ ਬਾਅਦ ਇਹ ਉਨ੍ਹਾਂ ਦਾ ਪਹਿਲਾ ਦੌਰਾ ਹੋਵੇਗਾ। ਰਾਹੁਲ ਆਖਰੀ ਵਾਰ 11 ਅਪ੍ਰੈਲ ਨੂੰ ਵਾਇਨਾਡ ਗਏ ਸਨ, ਜਿੱਥੇ ਉਨ੍ਹਾਂ ਨੇ ਰੋਡ ਸ਼ੋਅ ਵੀ ਕੀਤਾ ਸੀ।
ਰਾਹੁਲ ਗਾਂਧੀ ਨੇ 2019 ਦੀਆਂ ਲੋਕ ਸਭਾ ਚੋਣਾਂ ਕੇਰਲ ਦੇ ਵਾਇਨਾਡ ਅਤੇ ਯੂਪੀ ਦੇ ਅਮੇਠੀ ਤੋਂ ਲੜੀਆਂ ਸਨ। ਉਹ ਵਾਇਨਾਡ ਤੋਂ 4.31 ਲੱਖ ਵੋਟਾਂ ਦੇ ਫਰਕ ਨਾਲ ਜਿੱਤੇ। ਉਨ੍ਹਾਂ ਨੂੰ 7 ਲੱਖ 5 ਹਜ਼ਾਰ 34 ਵੋਟਾਂ ਮਿਲੀਆਂ। ਉਨ੍ਹਾਂ ਦੇ ਨਜ਼ਦੀਕੀ ਵਿਰੋਧੀ ਸੀਪੀਆਈ (ਕਮਿਊਨਿਸਟ ਪਾਰਟੀ ਆਫ਼ ਇੰਡੀਆ) ਦੇ ਉਮੀਦਵਾਰ ਪੀਪੀ ਸਨੀਰ ਨੂੰ 2 ਲੱਖ 73 ਹਜ਼ਾਰ 971 ਵੋਟਾਂ ਮਿਲੀਆਂ।
ਰਾਹੁਲ ਆਪਣੀ ਰਵਾਇਤੀ ਸੀਟ ਅਮੇਠੀ ਤੋਂ 55 ਹਜ਼ਾਰ 120 ਵੋਟਾਂ ਦੇ ਫਰਕ ਨਾਲ ਚੋਣ ਹਾਰ ਗਏ। ਇਸ ਸੀਟ ‘ਤੇ ਭਾਜਪਾ ਆਗੂ ਸਮ੍ਰਿਤੀ ਇਰਾਨੀ ਨੂੰ 4 ਲੱਖ 68 ਹਜ਼ਾਰ 514 ਵੋਟਾਂ ਮਿਲੀਆਂ, ਜਦਕਿ ਰਾਹੁਲ ਨੂੰ 4 ਲੱਖ 13 ਹਜ਼ਾਰ 394 ਵੋਟਾਂ ਮਿਲੀਆਂ। ਅਮੇਠੀ ਤੋਂ ਰਾਹੁਲ ਤੋਂ ਇਲਾਵਾ ਉਨ੍ਹਾਂ ਦੀ ਮਾਂ ਸੋਨੀਆ ਗਾਂਧੀ ਇਕ ਵਾਰ, ਪਿਤਾ ਰਾਜੀਵ ਗਾਂਧੀ ਚਾਰ ਵਾਰ, ਚਾਚਾ ਸੰਜੇ ਗਾਂਧੀ ਇਕ ਵਾਰ ਸੰਸਦ ਮੈਂਬਰ ਰਹਿ ਚੁੱਕੇ ਹਨ।