ਨਵੀਂ ਦਿੱਲੀ, 12 ਅਗਸਤ 2025 – ਰਾਹੁਲ ਗਾਂਧੀ ਨੇ ਸੁਪਰੀਮ ਕੋਰਟ ਦੇ ਦਿੱਲੀ-ਐਨਸੀਆਰ ਤੋਂ ਸਾਰੇ ਆਵਾਰਾ ਕੁੱਤਿਆਂ ਨੂੰ ਹਟਾਉਣ ਦੇ ਹਾਲੀਆ ਫੈਸਲੇ ਦੀ ਆਲੋਚਨਾ ਕੀਤੀ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਇਹ ਬੇਜੁਬਾਨ ਜਾਨਵਰ ਕੋਈ ‘ਸਮੱਸਿਆ’ ਨਹੀਂ ਹਨ ਜਿਨ੍ਹਾਂ ਨੂੰ ਖਤਮ ਕੀਤਾ ਜਾ ਸਕੇ।
ਰਾਹੁਲ ਗਾਂਧੀ ਨੇ ਆਪਣੀ ਪੋਸਟ ਵਿੱਚ ਲਿਖਿਆ, ” ਸਾਰੇ ਲਾਵਾਰਸ ਕੁੱਤਿਆਂ ਨੂੰ ਹਟਾਉਣ ਦਾ ਨਿਰਦੇਸ਼ ਦਹਾਕਿਆਂ ਪੁਰਾਣੀ ਮਨੁੱਖੀ, ਵਿਗਿਆਨ-ਸਮਰਥਿਤ ਨੀਤੀ ਤੋਂ ਇਕ ਕਦਮ ਪਿੱਛੇ ਹੈ। ਇਹ ਬੇਜ਼ੁਬਾਨ ਆਤਮਾਵਾਂ ਕੋਈ ‘ਸਮੱਸਿਆ’ ਨਹੀਂ ਹਨ ਜਿਨ੍ਹਾਂ ਨੂੰ ਮਿਟਾਇਆ ਜਾ ਸਕੇ। ਬਿਨਾਂ ਕਿਸੇ ਬੇਰਹਿਮੀ ਦੇ ਆਸਰਾ, ਨਸਬੰਦੀ, ਟੀਕਾਕਰਨ ਅਤੇ ਭਾਈਚਾਰਕ ਦੇਖਭਾਲ ਦਾ ਤਰੀਕਾ ਅਪਣਾ ਕੇ ਗਲੀਆਂ ਨੂੰ ਸੁਰੱਖਿਅਤ ਰੱਖਿਆ ਜਾ ਸਕਦਾ ਹੈ।”
ਉਨ੍ਹਾਂ ਸੁਪਰੀਮ ਕੋਰਟ ਦੇ ਹੁਕਮ ਦੀ ਸਖ਼ਤ ਆਲੋਚਨਾ ਕਰਦਿਆਂ ਕਿਹਾ ਕਿ, “ਇਹ ਪੂਰੀ ਤਰ੍ਹਾਂ ਪਾਬੰਦੀ ਜ਼ਾਲਮ, ਦੂਰਦਰਸ਼ੀ ਹੈ ਅਤੇ ਸਾਡੀ ਹਮਦਰਦੀ ਦੀ ਭਾਵਨਾ ਨੂੰ ਤਬਾਹ ਕਰ ਦਿੰਦੀ ਹੈ। ਅਸੀਂ ਇਹ ਪਤਾ ਲਗਾ ਸਕਦੇ ਹਾਂ ਕਿ ਜਨਤਕ ਸੁਰੱਖਿਆ ਅਤੇ ਜਾਨਵਰਾਂ ਦੀ ਭਲਾਈ ਨੂੰ ਨਾਲ-ਨਾਲ ਕਿਵੇਂ ਯਕੀਨੀ ਬਣਾਇਆ ਜਾਵੇ।

ਦਰਅਸਲ, ਬੀਤੇ ਦਿਨ ਯਾਨੀ ਕਿ 11 ਅਗਸਤ ਨੂੰ, ਸੁਪਰੀਮ ਕੋਰਟ ਨੇ ਦਿੱਲੀ-ਐਨਸੀਆਰ ਦੀਆਂ ਨਗਰ ਨਿਗਮ ਸੰਸਥਾਵਾਂ ਨੂੰ ਆਵਾਰਾ ਕੁੱਤਿਆਂ ਨੂੰ ਤੁਰੰਤ ਫੜਨ, ਉਨ੍ਹਾਂ ਦੀ ਨਸਬੰਦੀ ਕਰਨ ਅਤੇ ਉਨ੍ਹਾਂ ਨੂੰ ਪੱਕੇ ਤੌਰ ‘ਤੇ ਸ਼ੈਲਟਰ ਹੋਮ ਵਿੱਚ ਰੱਖਣ ਦੇ ਨਿਰਦੇਸ਼ ਦਿੱਤੇ ਸਨ। ਇਸ ਲਈ 8 ਹਫ਼ਤਿਆਂ ਦਾ ਸਮਾਂ ਦਿੱਤਾ ਗਿਆ ਸੀ।
