- 15 ਰਾਜਾਂ ਵਿੱਚ 6700 ਕਿਲੋਮੀਟਰ ਦੀ ਯਾਤਰਾ ਮੁੰਬਈ ਵਿੱਚ ਹੋਵੇਗੀ ਸਮਾਪਤ
ਨਵੀਂ ਦਿੱਲੀ, 14 ਜਨਵਰੀ 2024 – ਕਾਂਗਰਸ ਸਾਂਸਦ ਰਾਹੁਲ ਗਾਂਧੀ ਦੀ ਭਾਰਤ ਜੋੜੋ ਨਿਆ ਯਾਤਰਾ ਦੁਪਹਿਰ 12 ਵਜੇ ਮਣੀਪੁਰ ਤੋਂ ਸ਼ੁਰੂ ਹੋਵੇਗੀ। ਪਹਿਲਾਂ ਇਸ ਦੀ ਸ਼ੁਰੂਆਤ ਇੰਫਾਲ ਤੋਂ ਹੋਣੀ ਸੀ ਪਰ ਬਾਅਦ ਵਿੱਚ ਪਾਰਟੀ ਨੇ ਸਥਾਨ ਬਦਲ ਕੇ 34 ਕਿਲੋਮੀਟਰ ਦੂਰ ਥੌਬਲ ਕਰ ਦਿੱਤਾ। ਕਾਂਗਰਸ ਦੇ ਸੀਨੀਅਰ ਨੇਤਾ ਜੈਰਾਮ ਰਮੇਸ਼ ਨੇ ਕਿਹਾ ਕਿ ਰਾਹੁਲ ਗਾਂਧੀ ਸਵੇਰੇ 11 ਵਜੇ ਇੰਫਾਲ ਆਉਣਗੇ ਅਤੇ ਪਹਿਲਾਂ ਖੋਂਗਜੋਮ ਵਾਰ ਮੈਮੋਰੀਅਲ ‘ਤੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਜੰਗੀ ਯਾਦਗਾਰ ਸਿਰਫ਼ ਮਣੀਪੁਰ ਲਈ ਹੀ ਨਹੀਂ ਸਗੋਂ ਪੂਰੇ ਦੇਸ਼ ਲਈ ਮਹੱਤਵਪੂਰਨ ਹੈ।
ਕਾਂਗਰਸ ਦੇ ਜਨਰਲ ਸਕੱਤਰ ਵੇਣੂਗੋਪਾਲ ਨੇ ਕਿਹਾ ਕਿ ਪਾਰਟੀ ਪ੍ਰਧਾਨ ਮੱਲਿਕਾਰਜੁਨ ਖੜਗੇ ਯਾਤਰਾ ਨੂੰ ਹਰੀ ਝੰਡੀ ਦੇਣਗੇ। ਭਾਰਤ ਨਿਆਏ ਯਾਤਰਾ ਦਾ ਉਦੇਸ਼ ਆਰਥਿਕ, ਸਮਾਜਿਕ ਅਤੇ ਰਾਜਨੀਤਿਕ ਨਿਆਂ ਹੈ। ਇਸ ਯਾਤਰਾ ਦੌਰਾਨ ਰਾਹੁਲ ਨੌਜਵਾਨਾਂ, ਔਰਤਾਂ ਅਤੇ ਹਾਸ਼ੀਏ ‘ਤੇ ਬੈਠੇ ਲੋਕਾਂ ਨਾਲ ਮੁਲਾਕਾਤ ਕਰਨਗੇ।
20 ਮਾਰਚ ਨੂੰ ਸਮਾਪਤ ਹੋਣ ਵਾਲੀ ਇਹ ਯਾਤਰਾ 15 ਰਾਜਾਂ ਅਤੇ 110 ਜ਼ਿਲ੍ਹਿਆਂ ਦੀਆਂ 337 ਵਿਧਾਨ ਸਭਾ ਸੀਟਾਂ ਨੂੰ ਕਵਰ ਕਰੇਗੀ। ਇਸ ਦੌਰਾਨ ਰਾਹੁਲ ਗਾਂਧੀ ਬੱਸ ਰਾਹੀਂ ਅਤੇ ਪੈਦਲ 6 ਹਜ਼ਾਰ 713 ਕਿਲੋਮੀਟਰ ਤੋਂ ਵੱਧ ਦਾ ਸਫਰ ਕਰਨਗੇ।
ਇਹ ਮਨੀਪੁਰ ਤੋਂ ਸ਼ੁਰੂ ਹੋ ਕੇ ਨਾਗਾਲੈਂਡ, ਅਸਾਮ, ਮੇਘਾਲਿਆ, ਪੱਛਮੀ ਬੰਗਾਲ, ਬਿਹਾਰ, ਝਾਰਖੰਡ, ਉੜੀਸਾ, ਛੱਤੀਸਗੜ੍ਹ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ ਅਤੇ ਗੁਜਰਾਤ ਤੋਂ ਹੁੰਦੀ ਹੋਈ ਮਹਾਰਾਸ਼ਟਰ ਵਿੱਚ ਸਮਾਪਤ ਹੋਵੇਗੀ।