ਲਖਨਊ, 15 ਮਈ 2022 – ਭਾਰਤੀ ਕਿਸਾਨ ਯੂਨੀਅਨ ਨੂੰ ਲੈ ਕੇ ਵੱਡੀ ਖਬਰ ਆ ਰਹੀ ਹੈ। ਇੱਥੋਂ ਦੇ ਕਿਸਾਨ ਅੰਦੋਲਨ ਦਾ ਮੁੱਖ ਚਿਹਰਾ ਰਹੇ ਰਾਕੇਸ਼ ਟਿਕੈਤ ਨੂੰ ਬੀਕੇਯੂ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਭਰਾ ਨਰੇਸ਼ ਟਿਕੈਤ ਨੂੰ ਵੀ ਪ੍ਰਧਾਨ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਉਨ੍ਹਾਂ ਦੀ ਥਾਂ ‘ਤੇ ਰਾਜੇਸ਼ ਚੌਹਾਨ ਨੂੰ ਪ੍ਰਧਾਨ ਬਣਾਇਆ ਗਿਆ ਹੈ।
ਬੀਕੇਯੂ ਦੇ ਸੰਸਥਾਪਕ ਮਰਹੂਮ ਚੌਧਰੀ ਮਹਿੰਦਰ ਸਿੰਘ ਟਿਕੈਤ ਦੀ ਬਰਸੀ ਮੌਕੇ ਬੀਕੇਯੂ ਦੇ ਆਗੂਆਂ ਦੀ ਇੱਕ ਵੱਡੀ ਮੀਟਿੰਗ 15 ਮਈ ਦਿਨ ਐਤਵਾਰ ਨੂੰ ਲਖਨਊ ਸਥਿਤ ਗੰਨਾ ਕਿਸਾਨ ਸੰਸਥਾ ਵਿੱਚ ਹੋਈ, ਜਿਸ ਵਿੱਚ ਟਿਕੈਤ ਭਰਾਵਾਂ ਵਿਰੁੱਧ ਇਹ ਫੈਸਲਾ ਲਿਆ ਗਿਆ। ਇਸ ਤੋਂ ਬਾਅਦ ਟਿਕੈਤ ਪਰਿਵਾਰ ਖ਼ਿਲਾਫ਼ ਕਿਸਾਨਾਂ ਵਿੱਚ ਪੈਦਾ ਹੋਈ ਨਾਰਾਜ਼ਗੀ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਵਿੱਚ ਫੁੱਟ ਪੈਣ ਦੇ ਸੰਕੇਤ ਮਿਲ ਰਹੇ ਹਨ।
ਦਰਅਸਲ ਬੀਕੇਯੂ ਦੇ ਕਈ ਮੈਂਬਰ ਜਥੇਬੰਦੀ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਦੀਆਂ ਗਤੀਵਿਧੀਆਂ ਤੋਂ ਨਾਰਾਜ਼ ਸਨ। ਇਨ੍ਹਾਂ ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਰਾਕੇਸ਼ ਟਿਕੈਤ ਨੇ ਆਪਣੇ ਸਿਆਸੀ ਬਿਆਨਾਂ ਅਤੇ ਗਤੀਵਿਧੀਆਂ ਨਾਲ ਉਨ੍ਹਾਂ ਦੀ ਗੈਰ-ਸਿਆਸੀ ਜਥੇਬੰਦੀ ਨੂੰ ਸਿਆਸੀ ਰੂਪ ਦੇ ਦਿੱਤਾ ਹੈ।
ਬੀਕੇਯੂ ਆਗੂਆਂ ਦੀ ਨਰਾਜ਼ਗੀ ਦੀ ਖ਼ਬਰ ਮਿਲਦਿਆਂ ਹੀ ਰਾਕੇਸ਼ ਟਿਕੈਤ ਵੀ ਉਨ੍ਹਾਂ ਨੂੰ ਮਨਾਉਣ ਲਈ ਸ਼ੁੱਕਰਵਾਰ ਰਾਤ ਲਖਨਊ ਪਹੁੰਚੇ। ਨਾਰਾਜ਼ ਕਿਸਾਨ ਆਗੂਆਂ ਦੀ ਅਗਵਾਈ ਕਰ ਰਹੇ ਬੀਕੇਯੂ ਦੇ ਮੀਤ ਪ੍ਰਧਾਨ ਹਰੀਨਾਮ ਸਿੰਘ ਵਰਮਾ ਦੇ ਘਰ ਜਾ ਕੇ ਰਾਕੇਸ਼ ਟਿਕੈਤ ਜਥੇਬੰਦੀ ਦੇ ਨਾਰਾਜ਼ ਆਗੂਆਂ ਨੂੰ ਮਨਾਉਣ ਦੀ ਕੋਸ਼ਿਸ਼ ਕਰਦੇ ਰਹੇ। ਹਾਲਾਂਕਿ ਉਹ ਇਸ ਕੋਸ਼ਿਸ਼ ਵਿੱਚ ਕਾਮਯਾਬ ਨਹੀਂ ਹੋ ਸਕੇ।