ਨਵੀਂ ਦਿੱਲੀ, 11 ਅਪ੍ਰੈਲ 2025 – ਬਾਬਾ ਅਮਰਨਾਥ ਬਰਫ਼ਾਨੀ ਦੀ ਯਾਤਰਾ ਇਸ ਸਾਲ 3 ਜੁਲਾਈ ਤੋਂ ਸ਼ੁਰੂ ਹੋ ਕੇ 9 ਅਗਸਤ 2025 ਨੂੰ ਰੱਖੜੀ ਦੇ ਤਿਉਹਾਰ ਤੱਕ ਚੱਲੇਗੀ। ਅਮਰਨਾਥ ਜੀ ਸ਼੍ਰਾਈਨ ਬੋਰਡ, ਜੇ. ਐਡ. ਕੇ. ਦੇ ਗਵਰਨਰ ਅਤੇ ਸਰਕਾਰ ਦੇ ਯਤਨਾਂ ਸਦਕਾ ਯਾਤਰਾ ਨੂੰ ਸੁਖਾਲਾ ਬਣਾਉਂਦਿਆਂ ਅਮਰਨਾਥ ਯਾਤਰਾ ਦੀਆਂ ਤਿਆਰੀਆਂ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ ਗਈਆਂ ਅਤੇ ਪ੍ਰਬੰਧਾਂ ਨੂੰ ਮੁਕੰਮਲ ਕਰ ਲਿਆ ਗਿਆ।
ਅਮਰਨਾਥ ਯਾਤਰਾ ਭੰਡਾਰਾ ਸੰਗਠਨ ਸ਼ਾਇਬੋ ਦੇ ਪ੍ਰਧਾਨ ਰਾਜਨ ਕਪੂਰ, ਬੁਢਲਾਡਾ ਸ਼੍ਰੀ ਸ਼ਿਵ ਸ਼ਕਤੀ ਸੇਵਾ ਮੰਡਲ ਦੇ ਪ੍ਰਧਾਨ ਕਰਮਜੀਤ ਸਿੰਘ ਮਾਘੀ ਅਤੇ ਸ਼ਿਵ ਸ਼ਕਤੀ ਸੇਵਾ ਮੰਡਲ ਦੇ ਪ੍ਰਧਾਨ ਵਿਜੈ ਜੈਨ ਨੇ ਗਵਰਨਰ, ਸਰਕਾਰ ਅਤੇ ਸ਼੍ਰਾਈਨ ਬੋਰਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ਼੍ਰੀ ਅਮਰਨਾਥ ਜੀ ਸ਼੍ਰਾਈਨ ਬੋਰਡ ਵੱਲੋਂ ਆਲ ਇੰਡੀਆ ਵੱਖ-ਵੱਖ ਸੂਬਿਆਂ ਤੋਂ ਯਾਤਰਾ ਲਈ ਆਫਲਾਈਨ ਰਜਿਸਟ੍ਰੇਸ਼ਨ ਪ੍ਰਕਿਰਿਆ 14 ਅਪ੍ਰੈਲ ਤੋਂ ਸ਼ੁਰੂ ਹੋਵੇਗੀ। ਉਨ੍ਹਾਂ ਦੱਸਿਆ ਕਿ ਸ਼੍ਰਾਈਨ ਬੋਰਡ ਅਤੇ ਜੰਮੂ ਕਸ਼ਮੀਰ ਦੇ ਪ੍ਰਸ਼ਾਸਨ ਵੱਲੋਂ ਯਾਤਰਾ ਦੌਰਾਨ ਸ਼ਰਧਾਲੂਆਂ ਦੀ ਸੁਰੱਖਿਆ ਅਤੇ ਸਹੂਲਤਾਂ ਦੇ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ।
ਸਾਰੇ ਸ਼ਿਵ ਭਗਤਾਂ ਨੂੰ ਆਪਣੇ-ਆਪ ਨੂੰ ਸਮੇਂ ਸਿਰ ਰਜਿਸਟਰ ਕਰਨ ਦੀ ਅਪੀਲ ਕੀਤੀ ਗਈ ਹੈ। ਸਹੂਲਤਾਂ ਲਈ ਕੀਤੇ ਜਾ ਰਹੇ ਕੰਮਾਂ ਨੂੰ ਲੈ ਕੇ ਜੰਮੂ-ਕਸ਼ਮੀਰ ਸਰਕਾਰ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸ਼੍ਰੀ ਅਮਰਨਾਥ ਜੀ ਸ਼੍ਰਾਈਨ ਬੋਰਡ ਵੱਲੋਂ ਯਾਤਰੀਆਂ ਦੀ ਸਹੂਲਤ ਲਈ ਸੁਰੱਖਿਆ ਪ੍ਰਬੰਧਾਂ ਦੇ ਯਤਨ ਜਾਰੀ ਹਨ।

