ਨਵੀਂ ਦਿੱਲੀ, 31 ਅਗਸਤ 2025 – ਮਨੀਪੁਰ ਦੇ ਸੈਨਾਪਤੀ ਜ਼ਿਲ੍ਹੇ ਵਿੱਚ ਫੁੱਲਾਂ ਦੇ ਤਿਉਹਾਰ ਨੂੰ ਕਵਰ ਕਰਨ ਵਾਲੇ ਇੱਕ ਟੀਵੀ ਪੱਤਰਕਾਰ ਨੂੰ ਗੋਲੀ ਮਾਰ ਦਿੱਤੀ ਗਈ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਨਾਗਾਲੈਂਡ ਸਥਿਤ ਇਕ ਟੀਵੀ ਦੇ ਪੱਤਰਕਾਰ ਦੀਪ ਸੈਕੀਆ ਦੇ ਹੱਥਾਂ ਅਤੇ ਲੱਤਾਂ ਵਿੱਚ ਗੋਲੀ ਮਾਰੀ ਗਈ ਹੈ। ਪੁਲਸ ਨੇ ਕਿਹਾ ਕਿ ਇਹ ਘਟਨਾ ਸ਼ਨੀਵਾਰ ਸ਼ਾਮ ਨੂੰ ਨਾਗਾ-ਪ੍ਰਭਾਵੀ ਜ਼ਿਲ੍ਹੇ ਦੇ ਲਾਈ ਪਿੰਡ ਵਿੱਚ ਵਾਪਰੀ, ਜਿੱਥੇ ਸੈਕੀਆ ਜਿਨੀਆ ਫੁੱਲ ਤਿਉਹਾਰ ਨੂੰ ਕਵਰ ਕਰ ਰਿਹਾ ਸੀ। ਉਨ੍ਹਾਂ ਕਿਹਾ ਕਿ ਅਸਾਮ ਦੇ ਜੋਰਹਾਟ ਦੇ ਰਹਿਣ ਵਾਲੇ ਸੈਕੀਆ ਨੂੰ ਪਹਿਲਾਂ ਸੈਨਾਪਤੀ ਦੇ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ ਅਤੇ ਬਾਅਦ ਵਿੱਚ ਬਿਹਤਰ ਇਲਾਜ ਲਈ ਨਾਗਾਲੈਂਡ ਰੈਫਰ ਕਰ ਦਿੱਤਾ ਗਿਆ।
ਸਥਾਨਕ ਲੋਕਾਂ ਨੇ ਬੰਦੂਕਧਾਰੀ ਨੂੰ ਫੜ ਕੇ ਪੁਲਸ ਦੇ ਹਵਾਲੇ ਕਰ ਦਿੱਤਾ। ਹਮਲਾਵਰ ਕੋਲ ‘ਏਅਰ ਗਨ’ ਸੀ। ਪੁਲਸ ਨੇ ਕਿਹਾ ਕਿ ਉਹ ਪੱਤਰਕਾਰ ‘ਤੇ ਹਮਲਾ ਕਰਨ ਦੇ ਪਿੱਛੇ ਦੇ ਉਦੇਸ਼ ਦਾ ਪਤਾ ਲਗਾ ਰਹੇ ਹਨ। ਕੁਝ ਦਿਨ ਪਹਿਲਾਂ, ਨਾਗਾਲੈਂਡ ਦੇ ਉਪ ਮੁੱਖ ਮੰਤਰੀ ਯਾਂਥੁੰਗੋ ਪੈਟਨ ਨੇ ਵੋਖਾ ਜ਼ਿਲ੍ਹੇ ਵਿੱਚ ਇੱਕ ਜਨਤਕ ਸਮਾਗਮ ਵਿੱਚ ਸੈਕੀਆ ਦੀ ਰਿਪੋਰਟਿੰਗ ਲਈ ਆਲੋਚਨਾ ਕੀਤੀ ਸੀ। ਟੀਵੀ ਦੇ ਸੰਪਾਦਕ ਜੁਥੋਨੋ ਮਾਕਰੋ ਨੇ ਹਮਲੇ ਦੀ ਨਿੰਦਾ ਕੀਤੀ ਅਤੇ ਇਸਨੂੰ ਪ੍ਰੈਸ ਦੀ ਆਜ਼ਾਦੀ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ‘ਤੇ ਹਮਲਾ ਕਿਹਾ। ਉਨ੍ਹਾਂ ਨਾਗਾਲੈਂਡ ਅਤੇ ਮਨੀਪੁਰ ਦੀਆਂ ਸਰਕਾਰਾਂ ਨੂੰ ਵੀ ਪੂਰੀ ਅਤੇ ਨਿਰਪੱਖ ਜਾਂਚ ਯਕੀਨੀ ਬਣਾਉਣ ਦੀ ਅਪੀਲ ਕੀਤੀ।

