ਜੀਂਦ, 3 ਸਤੰਬਰ 2024 – ਹਰਿਆਣਾ ਦੇ ਜੀਂਦ ‘ਚ ਹਿਸਾਰ-ਚੰਡੀਗੜ੍ਹ ਹਾਈਵੇ ‘ਤੇ ਸਥਿਤ ਪਿੰਡ ਬਿਧਰਾਣਾ ਨੇੜੇ ਸੋਮਵਾਰ-ਮੰਗਲਵਾਰ ਦੀ ਦਰਮਿਆਨੀ ਰਾਤ ਕਰੀਬ 1 ਵਜੇ ਇਕ ਭਿਆਨਕ ਸੜਕ ਹਾਦਸਾ ਵਾਪਰਿਆ। ਹਾਦਸੇ ‘ਚ 8 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ। ਜਦਕਿ 10 ਦੇ ਕਰੀਬ ਜ਼ਖਮੀ ਦੱਸੇ ਜਾ ਰਹੇ ਹਨ। ਜ਼ਖਮੀਆਂ ਦਾ ਇਲਾਜ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਟਰੱਕ ਨੇ ਅੱਗੇ ਜਾ ਰਹੇ ਟਾਟਾ ਮੈਜਿਕ ਨੂੰ ਟੱਕਰ ਮਾਰ ਦਿੱਤੀ। ਜਿਸ ਤੋਂ ਬਾਅਦ ਮੈਜਿਕ ਸੜਕ ਕਿਨਾਰੇ ਪਲਟ ਗਿਆ। ਇਸ ਹਾਦਸੇ ‘ਚ ਟਾਟਾ ਮੈਜਿਕ ‘ਚ ਸਵਾਰ 8 ਸ਼ਰਧਾਲੂਆਂ ਦੀ ਮੌਤ ਹੋ ਗਈ ਹੈ।
ਪੁਲਿਸ ਦੀ ਸ਼ੁਰੂਆਤੀ ਜਾਂਚ ਦੇ ਅਨੁਸਾਰ, ਕੁਰੂਕਸ਼ੇਤਰ ਦੇ ਪਿੰਡ ਮਰਖੇੜੀ ਦੇ ਕੁਝ ਲੋਕ ਸੋਮਵਾਰ ਸ਼ਾਮ ਨੂੰ ਟਾਟਾ ਮੈਜਿਕ ਵਿੱਚ ਰਾਜਸਥਾਨ ਦੇ ਗੋਗਾਮੈਂੜੀ ਧਾਮ ਦੇ ਦਰਸ਼ਨ ਕਰਨ ਜਾ ਰਹੇ ਸਨ। ਜਦੋਂ ਉਹ ਪਿੰਡ ਬਿਧਰਾਣਾ ਨੇੜੇ ਪਹੁੰਚੇ ਤਾਂ ਪਿੱਛੇ ਤੋਂ ਇੱਕ ਤੇਜ਼ ਰਫ਼ਤਾਰ ਟਰੱਕ ਆ ਗਿਆ। ਜਿਸਨੇ ਨੇ ਟਾਟਾ ਮੈਜਿਕ ਗੱਡੀ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਮੈਜਿਕ ਅਸੰਤੁਲਿਤ ਹੋ ਕੇ ਸੜਕ ਕਿਨਾਰੇ ਪਏ ਟੋਇਆਂ ਵਿੱਚ ਪਲਟ ਗਿਆ।
ਹਾਦਸੇ ਦੀ ਸੂਚਨਾ ਮਿਲਦੇ ਹੀ ਜਦ ਪੁਲੀਸ ਟੀਮ ਮੌਕੇ ’ਤੇ ਪੁੱਜੀ ਤਾਂ ਉਥੇ ਸ਼ਰਧਾਲੂਆਂ ਦੇ ਭਾਂਡੇ ਅਤੇ ਖਾਣ-ਪੀਣ ਦਾ ਸਾਮਾਨ ਖਿੱਲਰਿਆ ਪਿਆ ਸੀ। ਉੱਥੇ ਲੋਕ ਖੂਨ ਨਾਲ ਲੱਥਪੱਥ ਦਰਦ ਨਾਲ ਚੀਕ ਰਹੇ ਸਨ। ਇਕ-ਇਕ ਕਰਕੇ 7 ਐਂਬੂਲੈਂਸਾਂ ਮੌਕੇ ‘ਤੇ ਪਹੁੰਚੀਆਂ। ਲੋਕਾਂ ਨੇ ਤੁਰੰਤ ਸਿਵਲ ਹਸਪਤਾਲ ਨਰਵਾਣਾ ਪਹੁੰਚਾਇਆ। ਉੱਥੇ ਡਾਕਟਰਾਂ ਨੇ 7 ਲੋਕਾਂ ਨੂੰ ਮ੍ਰਿਤਕ ਐਲਾਨ ਦਿੱਤਾ। ਬਾਕੀ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਅਗਰੋਹਾ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ। ਉਥੇ ਇਲਾਜ ਦੌਰਾਨ ਇਕ ਹੋਰ ਵਿਅਕਤੀ ਦੀ ਮੌਤ ਹੋ ਗਈ