- ਦਿੱਲੀ ਕਮੇਟੀ ਨੇ ਸੱਜਣ ਕੁਮਾਰ ਦੀ ਜ਼ਮਾਨਤ ਨੂੰ ਲੈ ਕੇ ਕੂੜ ਪ੍ਰਚਾਰ ਕਰ ਰਹੇ ਮਨਜੀਤ ਸਿੰਘ ਜੀ ਕੇ ਨੂੰ ਸ਼ੀਸ਼ਾ ਵਿਖਾਇਆ
- ਕਮੇਟੀ ਹਮੇਸ਼ਾ ਸਿੱਖ ਹਿੱਤਾਂ ਵਾਸਤੇ ਡਟੀ ਹੈ ਤੇ ਡੱਟਦੀ ਰਹੇਗੀ : ਕਾਲਕਾ, ਕਾਹਲੋਂ
- ਸੱਜਣ ਕੁਮਾਰ ਨੁੰ ਜੇਲ੍ਹ ਵਿਚੋਂ ਬਾਹਰ ਨਹੀਂ ਆਉਣ ਦਿਆਂਗੇ : ਕਾਲਕਾ, ਕਾਹਲੋਂ
- ਮਨਜੀਤ ਸਿੰਘ ਜੀ ਕੇ ਦੇ ਪ੍ਰਧਾਨ ਹੁੰਦਿਆਂ ਹਰ ਕੇਸ ਵਿਚ ਸੱਜਣ ਕੁਮਾਰ ਨੁੰ ਜ਼ਮਾਨਤ ਮਿਲੀ
- ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀਆਂ ਟਿੱਪਣੀਆਂ ‘ਤੇ ਹੈਰਾਨੀ ਪ੍ਰਗਟਾਈ
ਨਵੀਂ ਦਿੱਲੀ, 30 ਅਪ੍ਰੈਲ 2022 – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 1984 ਦੇ ਸਿੱਖ ਕਤਲੇਆਮ ਦੇ ਕੇਸਾਂ ਵਿਚੋਂ ਇਕ ਕੇਸ ਵਿਚ ਜ਼ਮਾਨਤ ਮਿਲਣ ਨੂੰ ਲੈ ਕੇ ਵਿਰੋਧੀ ਧਿਰਾਂ ਖਾਸ ਤੌਰ ‘ਤੇ ਜਾਗੋ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਵੱਲੋਂ ਕੀਤੇ ਕੂੜ ਪ੍ਰਚਾਰ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਉਹਨਾਂ ਨੂੰ ਸ਼ੀਸ਼ਾ ਵਿਖਾ ਕੇ ਅਸਲੀਅਤ ਜੱਗ ਜ਼ਾਹਰ ਕੀਤੀ ਹੈ ਕਿ ਸੱਜਣ ਕੁਮਾਰ ਖਿਲਾਫ ਕੇਸਾਂ ਦੀ ਪੈਰਵੀ ਕਰਨ ਵਿਚ ਮਨਜੀਤ ਸਿੰਘ ਜੀ ਕੇ ਹਮੇਸ਼ਾ ਨਾਕਾਮ ਰਹੇ ਹਨ। ਮੌਜੂਦਾ ਟੀਮ ਵੱਲੋਂ ਕੇਸਾਂ ਦੀ ਡੱਟ ਕੇ ਪੈਰਵੀ ਕੀਤੀ ਜਾ ਰਹੀ ਹੈ ਤੇ ਕਤਲੇਆਮ ਦੇ ਸਾਰੇ ਦੋਸ਼ੀਆਂ ਨੂੰ ਸਜ਼ਾਵਾਂ ਦੁਆਉਣ ਲਈ ਮੁਹਿੰਮ ਜਾਰੀ ਰਹੇਗੀ।
ਅੱਜ ਇਥੇ ਇਕ ਪ੍ਰੈਸ ਕਾਨਫਰੰਸ ਨੁੰ ਸੰਬੋਧਨ ਕਰਦਿਆਂ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਤਲੇਆਮ ਕੇਸਾਂ ਦੀ ਅਦਾਲਤ ਵਿਚ ਪੈਰਵੀ ਕਰ ਰਹੇ ਵਕੀਲ ਐਡਵੋਕੇਟ ਗੁਰਬਖਸ਼ ਸਿੰਘ, ਮੀਤ ਪ੍ਰਧਾਨ ਸਰਦਾਰ ਆਤਮਾ ਸਿੰਘ ਲੁਬਾਣਾ ਤੇ ਹੋਰਨਾਂ ਨਾਲ ਰਲ ਕੇ ਦੱਸਿਆ ਕਿ ਸੱਜਣ ਕੁਮਾਰ ਦੀ ਜਿਸ ਮਾਮਲੇ ਵਿਚ ਜ਼ਮਾਨਤ ਅਦਾਲਤ ਨੇ ਮਨਜ਼ੂਰ ਕੀਤੀ ਹੈ, ਉਹ ਕੇਸ ਵੱਖਰਾ ਹੈ ਤੇ ਸੱਜਣ ਕੁਮਾਰ ਨੁੰ ਵੱਖਰੇ ਕੇਸ ਵਿਚ ਸਜ਼ਾ ਹੋਈ ਹੈ। ਉਹਨਾਂ ਦੱਸਿਆ ਕਿ ਂ ਦਸੰਬਰ 2018 ਵਿਚ ਸੱਜਣ ਕੁਮਾਰ ਨੂੰ ਜਿਸ ਦਿੱਲੀ ਕੈਂਟ ਕੇਸ ਦੀ ਜੋ ਐਫ ਆਈ ਆਰ, ਜਿਸਦੀ ਸੀ ਬੀ ਆਈ ਨੇ ਜਾਂਚ ਕੀਤੀ ਤੇ ਕੜਕੜ ਡੂਮਾ ਕੋਰਟ ਨੇ ਉਸਨੂੰ ਬਰੀ ਕੀਤਾ ਸੀ ਤੇ ਦਿੱਲੀ ਹਾਈ ਕੋਰਟ ਨੇ ਉਸਨੂੰ ਸਜ਼ਾ ਸੁਣਾਈ ਸੀ। ਇਸ ਕੇਸ ਵਿਚ ਹੀ ਉਹ ਜੇਲ੍ਹ ਵਿਚ ਬੰਦ ਹੈ ਤੇ ਇਸ ਵਿਚ ਉਸਨੁੰ ਕੋਈ ਜ਼ਮਾਨਤ ਨਹੀਂ ਮਿਲੀ।
ਉਹਨਾਂ ਦੱਸਿਆ ਕਿ ਦਿੱਲੀ ਕਮੇਟੀ ਵੱਲੋਂ ਪਿਛਲੇ 20 ਸਾਲਾਂ ਤੋਂ ਐਡਵੋਕੇਟ ਗੁਰਬਖਸ਼ ਸਿੰਘ ਨੇ ਨਿਸ਼ਕਾਮ ਹੋ ਕੇ ਸੇਵਾ ਕੀਤੀ ਤੇ ਪਿਛਲੇ 34, 35 ਸਾਲਾਂ ਤੋਂ ਇਹ ਸੇਵਾ ਕਰਦੇ ਆ ਰਹੇ ਹਨ। ਉਹਨਾਂ ਕਿਹਾ ਕਿ ਅਸੀਂ 1984 ਦੇ ਸਿੱਖ ਕਤਲੇਆਮ ਕੇਸਾਂ ਦੀ ਡੱਟ ਕੇ ਪੈਰਵੀ ਕੀਤੀ ਹੈ ਤੇ ਸਾਰੇ ਦੋਸ਼ੀਆਂ ਨੂੰ ਸਜ਼ਾ ਮਿਲਣ ਤੱਕ ਪੈਰਵੀ ਕਰਦੇ ਰਹਾਂਗੇ।
ਸਰਸਵਤੀ ਵਿਹਾਰ ਦੇ ਜਿਸ ਕੇਸ ਵਿਚ ਜ਼ਮਾਨਤ ਮਿਲੀ ਹੈ, ਉਸਦੀ ਗੱਲ ਕਰਦਿਆਂ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਦੱਸਿਆ ਕਿ ਇਸ ਮਾਮਲੇ ਵਿਚ ਗਵਾਹਾਂ ਵੱਲੋਂ ਕਮੇਟੀ ਨੁੰ ਵਕਾਲਤਨਾਮਾ ਭਰ ਕੇ ਨਹੀਂ ਦਿੱਤਾ ਗਿਆ ਜਿਸ ਕਾਰਨ ਸਾਡੇ ਵਕੀਲ ਅਦਾਲਤ ਵਿਚ ਪੇਸ਼ ਤਾਂ ਹੁੰਦੇ ਸੀ ਪਰ ਜਦੋਂ ਅੱਜ ਜ਼ਮਾਨਤ ਦੀਆਂ ਖਬਰਾਂ ਜੱਗ ਜ਼ਾਹਰ ਹੋਈਆਂ ਤਾਂ ਸਾਡੇ ਸੀਨੀਅਰ ਵਕੀਲ ਅਵਨੀਤ ਕੌਰ ਨੇ ਪਰਿਵਾਰਾਂ ਨਾਲ ਲਗਾਤਾਰ ਰਾਬਤਾ ਕਾਇਮ ਰੱਖਿਆ ਤੇ ਉਹਨਾਂ ਨੇ ਅੱਜ ਵਕਾਲਤਨਾਮੇ ‘ਤੇ ਹਸਤਾਖ਼ਰ ਕਰ ਦਿੱਤੇ ਹਨ ਤੇ ਅਸੀਂ ਹੁਣ ਅਦਾਲਤ ਵਿਚ ਪਹੁੰਚ ਕਰ ਕੇ ਜ਼ਮਾਨਤ ਰੱਦ ਕਰਾਵਾਂਗੇ।
ਉਹਨਾਂ ਦੱਸਿਆ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਸਰਦਾਰ ਮਨਜੀਤ ਸਿੰਘ ਜੀ ਕੇ ਨੂੰ ਰਾਈ ਦਾ ਪਹਾੜ ਬਣਾਉਣ ਵਿਚ ਮੁਹਾਰਤ ਹਾਸਲ ਹੈ ਤੇ ਉਹ ਕੌਮ ਨੁੰ ਗੁੰਮਰਾਹ ਕਰਨ ‘ਤੇ ਲੱਗੇ ਰਹਿੰਦੇ ਹਨ ਜਿਸ ਨਾਲ ਕੌਮ ਦਾ ਨੁਕਸਾਨ ਹੋਣ ਦਾ ਵੀ ਡਰ ਹੈ। ਉਹਨਾਂ ਦੱਸਿਆ ਕਿ ਜਦੋਂ ਮਨਜੀਤ ਸਿੰਘ ਜੀ ਕੇ ਕਮੇਟੀ ਦੇ ਪ੍ਰਧਾਨ ਸਨ ਤਾਂ ਉਦੋਂ ਸੱਜਣ ਕੁਮਾਰ ਨੂੰ ਵੱਖ ਵੱਖ ਤਿੰਨ ਕੇਸਾਂ ਵਿਚ ਵੱਖ ਵੱਖ ਅਦਾਲਤਾਂ ਤੋਂ ਜ਼ਮਾਨਤ ਮਿਲੀ, ਉਦੋਂ ਮਨਜੀਤ ਸਿੰਘ ਜੀ ਕੇ ਨੇ ਚੁੱਪ ਵੱਟੀ ਰੱਖੀ। ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਮਨਜੀਤ ਸਿੰਘ ਜੀ ਕੇ ਇਹਨਾਂ ਕੇਸਾਂ ਦੀ ਪੈਰਵੀ ਕਰਨ ਵਿਚ ਨਾਕਾਮ ਰਹੇ ਸਨ। ਅੱਜ ਇਹ ਕਮੇਟੀ ਖਿਲਾਫ ਕੂੜ ਪ੍ਰਚਾਰ ਕਰ ਰਹੇ ਹਨ।
ਦੋਵਾਂ ਆਗੂਆਂ ਨੇ ਕਿਹਾ ਕਿ ਉਹ ਹੈਰਾਨ ਹਨ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਵੀ ਬਿਨਾਂ ਤੱਥਾਂ ਦੀ ਘੋਖ ਕੀਤਿਆਂ ਦਿੱਲੀ ਕਮੇਟੀ ਨੂੰ ਜ਼ਿੰਮੇਵਾਰ ਠਹਿਰਾ ਦਿੱਤਾ ਹੈ। ਉਹਨਾਂ ਕਿਹਾ ਕਿ ਜਿਵੇਂ ਸਿੰਘ ਸਾਹਿਬ ਬਾਕੀ ਮਾਮਲਿਆਂ ‘ਤੇ ਸਲਾਹ ਮਸ਼ਵਰਾ ਕਰਦੇ ਹਨ, ਜੇਕਰ ਇਸ ਮਾਮਲੇ ‘ਤੇ ਵੀ ਕਰ ਲੈਂਦੇ ਤਾਂ ਚੰਗਾ ਹੁੰਦਾ ਪਰ ਅਫਸੋਸ ਅਜਿਹਾ ਨਹੀਂ ਹੋਇਆ ਪਰ ਅਸੀਂ ਇਸ ਬਾਰੇ ਕੁਝ ਨਹੀਂ ਕਹਿਣਾ ਕਿਉਂਕਿ ਸਿੰਘ ਸਾਹਿਬ ਬਹੁਤ ਸਤਿਕਾਰਯੋਗ ਸ਼ਖਸੀਅਤ ਹਨ।
ਦੋਵਾਂ ਆਗੂਆਂ ਨੇ ਦੱਸਿਆ ਕਿ ਸੱਜਣ ਕੁਮਾਰ ਦਸੰਬਰ 2018 ਤੋਂ ਜੇਲ੍ਹ ਵਿਚ ਬੰਦ ਹਨ ਤੇ ਉਸਨੇ 3 ਸਤੰਬਰ 2021 ਵਿਚ ਅੰਤਰਿਮ ਜ਼ਮਾਨਤ ਦੀ ਅਰਜ਼ੀ ਲਗਾਈ ਸੀ। ਉਸਦੀ ਅਰਜ਼ੀ ਰੱਦ ਕਰ ਦਿੱਤੀ ਗਈ ਅਦਾਲਤ ਵੱਲੋਂ। 4 ਸਤੰਬਰ 2020 ਨੁੰ ਇਸਨੇ ਜ਼ਮਾਨਤ ਅਰਜ਼ੀ ਲਗਾਈ ਸੀ ਜਿਸ ਵਿਚ ਅਵਿਨਾਸ਼ ਕੁਮਾਰ ਮਿਸ਼ਰਾ ਪੇਸ਼ ਹੋਏ, ਨਾਲ ਸ੍ਰੀ ਫੂਲਕਾ ਤੇ ਸ੍ਰੀ ਦਵੀ ਪੇਸ਼ ਹੋਏ ਤੇ ਸੱਜਣ ਕੁਮਾਰ ਦੀ ਜ਼ਮਾਨਤ ਰੱਦ ਹੋਈ ਹੈ।
13 ਮਈ 2020 ਨੁੰ ਸੱਜਣ ਕੁਮਾਰ ਨੇ ਗਰਾਂਟ ਆਫ ਪੈਰੋਲ ਦੀ ਅਰਜ਼ੀ ਲਗਾਈ ਸੀ, ਜਿਸ ਵਿਚ ਸ੍ਰੀ ਅਵਿਨਾਸ਼ ਕੁਮਾਰ ਮਿਸ਼ਰਾ, ਦੁਸ਼ਯੰਤ ਦਵੇ ਤੇ ਸ੍ਰੀ ਫੂਲਕਾ ਪੇਸ਼ ਹੋਏ ਤੇ ਮੈਡੀਕਲ ਆਧਾਰ ‘ਤੇ ਸੱਜਣ ਕੁਮਾਰ ਦੀ ਜ਼ਮਾਨਤ ਅਰਜ਼ੀ ਰੱਦ ਹੋਈ । ਦਿੱਲੀ ਕਮੇਟੀ ਨੇ ਸਾਰੇ ਕੇਸਾਂ ਦੀ ਪੈਰਵੀ ਕੀਤੀ।
ਉਹਨਾਂ ਦੱਸਿਆ ਕਿ ਸ੍ਰੀ ਫੂਲਕਾ ਨੇ ਵੀ ਵਿਸਥਾਰ ਵਿਚ ਦੱਸਿਆ ਹੈ ਤੇ ਮੋਹਰ ਲਗਾਈ ਹੈ ਕਿ ਦਿੱਲੀ ਕਮੇਟੀ ਨੇ ਕੇਸ ਦੀ ਪੂਰੀ ਪੈਰਵੀ ਕੀਤੀ ਹੈ। ਉਹਨਾਂ ਕਿਹਾ ਕਿ ਦਿੱਲੀ ਕਮੇਟੀ ਨੇ ਸੁਪਰੀਮ ਕੋਰਟ ਵਿਚ ਲਗਾਤਾਰ ਉਸਦੀ ਜੇਲ੍ਹ ਵਿਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਦਾ ਜ਼ੋਰਦਾਰ ਵਿਰੋਧ ਕੀਤਾ। ਅਸੀਂ ਉਸਦੀ ਹਰ ਅਰਜ਼ੀ ਦਾ ਵਿਰੋਧ ਕੀਤਾ। ਸੱਜਣ ਕੁਮਾਰ ਨੇ ਬਹੁਤ ਵੱਡਾ ਅਪਰਾਧ ਕੀਤਾ ਹੈ। ਸੁਪਰੀਮ ਕੋਰਟ ਨੇ ਇਸੇ ਲਈ ਉਸਦੀ ਜ਼ਮਾਨਤ ਹਰ ਵਾਰੀ ਰੱਦ ਕੀਤੀ ਜਿਸ ਲਈ ਅਸੀਂ ਸੁਪਰੀਮ ਕੋਰਟ ਦੇ ਵੀ ਧੰਨਵਾਦੀ ਹਾਂ।
ਉਹਨਾਂ ਕਿਹਾ ਕਿ ਦਿੱਲੀ ਕਮੇਟੀ ਹਮੇਸ਼ਾ ਸਿੱਖ ਕਤਲੇਆਮ ਦੇ ਪੀੜਤਾਂ ਦੀ ਮਦਦ ਕੀਤੀ ਹੈ ਤੇ ਭਵਿੱਖ ਵਿਚ ਵੀ ਕਰਦੀ ਰਹੇਗੀ ਤੇ ਇਹਨਾਂ ਦੀ ਇਨਸਾਫ ਦੀ ਲੜਾਈ ਵੀ ਲੜਦੀ ਰਹੇਗੀ।
ਇਸ ਮੌਕੇ ਐਡਵੋਕੇਟ ਗੁਰਬਖਸ਼ ਸਿੰਘ ਨੇ ਦੱਸਿਆ ਕਿ ਕਮੇਟੀ ਜਿਸ ਤਰੀਕੇ ਸਾਡੀ ਮਦਦ ਕਰ ਰਹੀ ਹੈ, ਉਸਦੀ ਕਲਪਨਾ ਵੀ ਨਹੀਂ ਕੀਤੀ ਜਾਂਦੀ। ਉਹਨਾਂ ਕਿਹਾ ਕਿ ਗਵਾਹਾਂ ਨੂੰ ਪੂਰੀ ਸੁਰੱਖਿਆ ਕਮੇਟੀ ਨੇ ਪ੍ਰਦਾਨ ਕੀਤੀ ਤੇ ਅਦਾਲਤਾਂ ਵਿਚ ਪੇਸ਼ੀ ਸਮੇਂ ਪੂਰੀ ਸੁਰੱਖਿਆ ਦਿੱਤੀ। ਉਹਨਾਂ ਕਿਹਾ ਕਿ ਕਤਲੇਆਮ ਦੇ ਦੋਸ਼ੀਆਂ ਦੇ ਤਾਕਤਵਰ ਹੋਣ ਦੇ ਬਾਵਜੂਦ ਕਮੇਟੀ ਨੇ ਪਰਵਾਹ ਨਹੀਂ ਕੀਤੀ, ਕਮੇਟੀ ਹਮੇਸ਼ਾ ਚੌਕਸ ਰਹੀ ਹੈ ਤੇ ਇਹਨਾਂ ਕੇਸਾਂ ਦੀ ਪੂਰੀ ਸ਼ਿੱਦਤ ਨਾਲ ਪੈਰਵੀ ਕਰ ਰਹੀ ਹੈ।
ਇਸ ਮੌਕੇ ਕਮੇਟੀ ਦੇ ਮੀਤ ਪ੍ਰਧਾਨ ਸਰਦਾਰ ਆਤਮਾ ਸਿੰਘ ਲੁਬਾਣਾ ਨੇ ਵੀ ਇਹਨਾਂ ਕੇਸਾਂ ਦੀ ਪੈਰਵੀ ‘ਤੇ ਚਾਨਣਾ ਪਾਇਆ ਤੇ ਕਿਹਾ ਕਿ ਮਨਜੀਤ ਸਿੰਘ ਜੀ ਕੇ ਸਿੱਖ ਕੌਮ ਦੀ ਵੱਡੀ ਸੰਸਥਾ ਖਿਲਾਫ ਕੂੜ ਪ੍ਰਚਾਰ ਕਰ ਰਹੇ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕਮੇਟੀ ਦੇ ਅਹੁਦੇਦਾਰ ਤੇ ਸੀਨੀਅਰ ਮੈਂਬਰ ਵੀ ਹਾਜ਼ਰ ਸਨ।