ਨਵੀਂ ਦਿੱਲੀ, 27 ਜੁਲਾਈ 2022 – ‘ਆਪ’ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੂੰ ਸੰਸਦ ਦੀ ਕਾਰਵਾਈ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਸੰਜੇ ਸਿੰਘ ਵੱਲੋਂ ਨਾਅਰੇਬਾਜ਼ੀ ਕਰਨ, ਕਾਗਜ਼ ਪਾੜ ਕੇ ਸਪੀਕਰ ਦੀ ਕੁਰਸੀ ਵੱਲ ਸੁੱਟਣ ਦੇ ਮਾਮਲੇ ਵਿੱਚ ਕੀਤੀ ਗਈ ਹੈ। ਸੰਜੇ ਸਿੰਘ ਨੂੰ ਮੌਜੂਦਾ ਹਫ਼ਤੇ ਦੀ ਕਾਰਵਾਈ ਲਈ ਮੁਅੱਤਲ ਕਰ ਦਿੱਤਾ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ‘ਆਪ’ ਸੰਸਦ ਸੰਜੇ ਸਿੰਘ ਸਦਨ ਦੇ ਅੰਦਰ ਗੁਜਰਾਤ ‘ਚ ਨਕਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਦਾ ਮੁੱਦਾ ਉਠਾ ਰਹੇ ਸਨ। ਇਸ ਦੌਰਾਨ ਉਨ੍ਹਾਂ ‘ਤੇ ਨਾਅਰੇਬਾਜ਼ੀ ਕਰਨ, ਕਾਗਜ਼ ਪਾੜਨ ਅਤੇ ਸਪੀਕਰ ਦੀ ਕੁਰਸੀ ਵੱਲ ਸੁੱਟਣ ਦਾ ਦੋਸ਼ ਲਾਇਆ ਗਿਆ ਹੈ। ਸੰਜੇ ਸਿੰਘ ਨੂੰ ਇਸ ਹਫਤੇ ਦੀ ਕਾਰਵਾਈ ਲਈ ਸਦਨ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ। ਦਰਅਸਲ, ਗੁਜਰਾਤ ਦੇ ਬੋਟਾਦ ਵਿੱਚ ਹਾਲ ਹੀ ਵਿੱਚ ਨਕਲੀ ਸ਼ਰਾਬ ਪੀਣ ਨਾਲ 37 ਲੋਕਾਂ ਦੀ ਮੌਤ ਹੋ ਗਈ ਹੈ। ਜਦਕਿ 50 ਤੋਂ ਵੱਧ ਲੋਕ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।
ਬੁੱਧਵਾਰ ਨੂੰ ਸਦਨ ‘ਚ ਹੰਗਾਮੇ ਕਾਰਨ 19 ਰਾਜ ਸਭਾ ਸੰਸਦ ਮੈਂਬਰਾਂ ਨੂੰ ਇਕ ਹਫਤੇ ਲਈ ਸਦਨ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਸੋਮਵਾਰ ਨੂੰ ਲੋਕ ਸਭਾ ‘ਚ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਮਹਿੰਗਾਈ ਅਤੇ ਜੀਐੱਸਟੀ ਦੀਆਂ ਵਧਦੀਆਂ ਦਰਾਂ ‘ਤੇ ਵਿਰੋਧ ਪ੍ਰਦਰਸ਼ਨ ਕੀਤਾ। ਲੋਕ ਸਭਾ ‘ਚ ਹੰਗਾਮਾ ਕਰਨ ‘ਤੇ ਕਾਂਗਰਸ ਦੇ ਚਾਰ ਸੰਸਦ ਮੈਂਬਰਾਂ ਖਿਲਾਫ ਕਾਰਵਾਈ ਕੀਤੀ ਗਈ ਸੀ।