- ਪੰਚਕੂਲਾ ਰੋਡ ਸਮੇਤ ਕਈ ਚੌਕਾਂ ‘ਤੇ ਆਵਾਜਾਈ ਠੱਪ
ਚੰਡੀਗੜ੍ਹ, 2 ਮਾਰਚ 2023 – ਪੰਚਕੂਲਾ ਵਿੱਚ ਚੰਡੀਗੜ੍ਹ-ਪੰਚਕੂਲਾ ਸਰਹੱਦ ਨੇੜੇ ਸਰਪੰਚਾਂ ਦੇ ਪੱਕੇ ਧਰਨੇ ਕਾਰਨ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਅਤੇ ਪੰਚਕੂਲਾ ਦਾ ਸੰਪਰਕ ਵੀ ਪ੍ਰਭਾਵਿਤ ਹੋ ਰਿਹਾ ਹੈ। ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਦੱਸਿਆ ਹੈ ਕਿ ਹਾਊਸਿੰਗ ਬੋਰਡ ਲਾਈਟ ਪੁਆਇੰਟ, ਮਨੀਮਾਜਰਾ (ਮੱਧ ਮਾਰਗ) ਤੋਂ ਸੈਕਟਰ 7/8/17/18 ਚੌਕ, ਪੰਚਕੂਲਾ ਅਤੇ ਸੈਕਟਰ 7/8/17/18 ਚੌਕ, ਪੰਚਕੂਲਾ ਤੋਂ ਹਾਊਸਿੰਗ ਬੋਰਡ ਲਾਈਟ ਪੁਆਇੰਟ ਤੱਕ ਸੜਕ, ਮਨੀਮਾਜਰਾ ਨੂੰ ਬੰਦ ਰੱਖਿਆ ਗਿਆ ਹੈ।
ਟਰੈਫਿਕ ਪੁਲੀਸ ਨੇ ਕਿਹਾ ਹੈ ਕਿ ਜਿਵੇਂ ਹੀ ਸੜਕ ਸਾਫ਼ ਹੋ ਜਾਵੇਗੀ, ਇਸ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਅਜਿਹੇ ‘ਚ ਲੋਕਾਂ ਨੂੰ ਬਦਲਵਾਂ ਰਸਤਾ ਅਪਣਾਉਣ ਲਈ ਕਿਹਾ ਗਿਆ ਹੈ।
ਦੱਸ ਦਈਏ ਕਿ ਹਰਿਆਣਾ ‘ਚ ਈ-ਟੈਂਡਰਿੰਗ ਦਾ ਵਿਰੋਧ ਕਰਨ ਲਈ ਸੂਬੇ ਭਰ ਦੇ ਸਰਪੰਚ ਪੰਚਕੂਲਾ ‘ਚ ਇਕੱਠੇ ਹੋ ਰਹੇ ਹਨ। ਉਨ੍ਹਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਦਾ ਘਿਰਾਓ ਕਰਨ ਦਾ ਪ੍ਰੋਗਰਾਮ ਤਿਆਰ ਕੀਤਾ ਸੀ। ਹਾਲਾਂਕਿ ਪੁਲਿਸ ਨੇ ਉਨ੍ਹਾਂ ਨੂੰ ਅੱਗੇ ਨਹੀਂ ਵਧਣ ਦਿੱਤਾ ਅਤੇ ਲਾਠੀਚਾਰਜ ਕੀਤਾ। ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੇ ਹੋਏ ਸਰਪੰਚਾਂ ਨੂੰ ਰੋਕਣ ਲਈ ਪੁਲੀਸ ਵੱਲੋਂ ਪੰਚਕੂਲਾ-ਚੰਡੀਗੜ੍ਹ ਸਰਹੱਦ ’ਤੇ ਭਾਰੀ ਬੈਰੀਕੇਡਿੰਗ ਵੀ ਕੀਤੀ ਗਈ ਹੈ।

