- ਪੁੱਤਰ ਨਵੀਨ ਜਿੰਦਲ ਤਿੰਨ ਦਿਨ ਪਹਿਲਾਂ ਹੀ ਭਾਜਪਾ ਵਿੱਚ ਸ਼ਾਮਲ ਹੋਇਆ ਸੀ
- ਭਾਜਪਾ ਨੇ ਨਵੀਨ ਜਿੰਦਲ ਨੂੰ ਹਰਿਆਣਾ ਦੀ ਕੁਰੂਕਸ਼ੇਤਰ ਲੋਕ ਸਭਾ ਸੀਟ ਤੋਂ ਉਮੀਦਵਾਰ ਬਣਾਇਆ ਹੈ
ਹਿਸਾਰ, 28 ਮਾਰਚ 2024 – ਹਰਿਆਣਾ ਦੀ ਰਹਿਣ ਵਾਲੀ ਦੇਸ਼ ਦੀ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਕਾਂਗਰਸ ਛੱਡ ਕੇ ਭਾਜਪਾ ‘ਚ ਸ਼ਾਮਲ ਹੋਵੇਗੀ। ਉਨ੍ਹਾਂ ਨੇ ਬੀਤੇ ਬੁੱਧਵਾਰ ਜਿੰਦਲ ਹਾਊਸ ਵਿਖੇ ਵਰਕਰਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਕਾਂਗਰਸ ਛੱਡਣ ਦਾ ਐਲਾਨ ਕੀਤਾ ਹੈ। ਉਨ੍ਹਾਂ ਦੇ ਪੁੱਤਰ ਨਵੀਨ ਜਿੰਦਲ ਤਿੰਨ ਦਿਨ ਪਹਿਲਾਂ ਹੀ ਭਾਜਪਾ ਵਿੱਚ ਸ਼ਾਮਲ ਗਏ ਸੀ ਅਤੇ ਬੀਜੇਪੀ ਨੇ ਉਨ੍ਹਾਂ ਨੂੰ ਹਰਿਆਣਾ ਦੀ ਕੁਰੂਕਸ਼ੇਤਰ ਲੋਕ ਸਭਾ ਸੀਟ ਤੋਂ ਉਮੀਦਵਾਰ ਬਣਾਇਆ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਸਾਵਿਤਰੀ ਨੇ ਕਿਹਾ ਕਿ ਬੇਟੇ ਨਵੀਨ ਦਾ ਭਾਜਪਾ ‘ਚ ਸ਼ਾਮਲ ਹੋਣ ਦਾ ਫੈਸਲਾ ਪੂਰੇ ਪਰਿਵਾਰ ਦਾ ਫੈਸਲਾ ਹੈ। ਕੁਝ ਸਮਾਂ ਪਹਿਲਾਂ ਮੈਨੂੰ ਕਾਂਗਰਸ ਵੱਲੋਂ ਵੀ ਚੋਣ ਲੜਨ ਦਾ ਆਫਰ ਆਇਆ ਸੀ, ਪਰ ਉਸ ਸਮੇਂ ਮੈਂ ਚੋਣ ਲੜਨ ਦਾ ਮਨ ਨਹੀਂ ਬਣਾਇਆ ਸੀ। ਹੁਣ ਉਹ ਭਾਜਪਾ ਵਿੱਚ ਸ਼ਾਮਲ ਹੋਵੇਗੀ ਅਤੇ ਪ੍ਰਧਾਨ ਮੰਤਰੀ ਦੇ ਵਿਕਸਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਮਦਦ ਕਰੇਗੀ।
ਬਲੂਮਬਰਗ ਬਿਲੀਅਨੇਅਰਜ਼ ਇੰਡੈਕਸ ਦੇ ਅਨੁਸਾਰ, ਜਿੰਦਲ ਗਰੁੱਪ ਦੀ ਚੇਅਰਮੈਨ ਸਾਵਿਤਰੀ ਜਿੰਦਲ ਦੀ ਕੁੱਲ ਜਾਇਦਾਦ $ 25 ਬਿਲੀਅਨ ਤੱਕ ਪਹੁੰਚ ਗਈ ਹੈ। ਪਿਛਲੇ 2 ਸਾਲਾਂ ‘ਚ ਉਸ ਦੀ ਜਾਇਦਾਦ ‘ਚ ਭਾਰੀ ਵਾਧਾ ਹੋਇਆ ਹੈ।
2020 ਵਿੱਚ ਫੋਰਬਸ ਦੀ ਸੂਚੀ ਵਿੱਚ ਸਾਵਿਤਰੀ ਜਿੰਦਲ 349ਵੇਂ ਸਥਾਨ ਉੱਤੇ ਸੀ। ਇਸ ਤੋਂ ਬਾਅਦ ਅਗਲੇ ਸਾਲ 2021 ‘ਚ ਇਹ 234ਵੇਂ ਅਤੇ 2022 ‘ਚ 91ਵੇਂ ਨੰਬਰ ‘ਤੇ ਪਹੁੰਚ ਗਿਆ। ਕੁਝ ਸਾਲਾਂ ਵਿੱਚ ਹੀ ਸਾਵਿਤਰੀ ਜਿੰਦਲ ਦਾ ਕਾਰੋਬਾਰ ਕਾਫੀ ਵਧ ਗਿਆ।
ਦੱਸ ਦੇਈਏ ਕਿ ਸਾਵਿਤਰੀ ਜਿੰਦਲ ਹਿਸਾਰ ਦੀ ਰਹਿਣ ਵਾਲੀ ਹੈ। ਉਨ੍ਹਾਂ ਦੇ ਪਤੀ ਓਮਪ੍ਰਕਾਸ਼ ਜਿੰਦਲ ਨੇ ਜਿੰਦਲ ਗਰੁੱਪ ਦੀ ਸਥਾਪਨਾ ਕੀਤੀ ਸੀ। ਇਸ ਗਰੁੱਪ ਦਾ ਦੇਸ਼-ਵਿਦੇਸ਼ ਵਿੱਚ ਵੱਡਾ ਕਾਰੋਬਾਰ ਹੈ। ਪਹਿਲਾਂ ਓਮਪ੍ਰਕਾਸ਼ ਜਿੰਦਲ ਗਰੁੱਪ ਨੂੰ ਸੰਭਾਲਦਾ ਸੀ, ਪਰ 2005 ਵਿੱਚ ਹਰਿਆਣਾ ਵਿੱਚ ਹੈਲੀਕਾਪਟਰ ਹਾਦਸੇ ਕਾਰਨ ਉਸ ਦੀ ਮੌਤ ਹੋ ਗਈ ਸੀ। ਉਦੋਂ ਤੋਂ ਸਾਵਿਤਰੀ ਜਿੰਦਲ ਜਿੰਦਲ ਗਰੁੱਪ ਦੀ ਕਮਾਨ ਸੰਭਾਲ ਰਹੀ ਹੈ।
ਉਨ੍ਹਾਂ ਦੇ ਪਤੀ ਓਮਪ੍ਰਕਾਸ਼ ਜਿੰਦਲ ਹੁੱਡਾ ਸਰਕਾਰ ਵਿੱਚ ਮੰਤਰੀ ਰਹਿ ਚੁੱਕੇ ਹਨ। ਮਰਨ ਵੇਲੇ ਵੀ ਉਹ ਸਰਕਾਰ ਵਿੱਚ ਮੰਤਰੀ ਸੀ। ਇਸ ਤੋਂ ਬਾਅਦ ਸਾਵਿਤਰੀ ਜਿੰਦਲ ਨੇ ਖੁਦ ਹਿਸਾਰ ਤੋਂ ਵਿਧਾਨ ਸਭਾ ਚੋਣ ਲੜੀ ਸੀ। ਇਸ ਤੋਂ ਇਲਾਵਾ ਉਨ੍ਹਾਂ ਦੇ ਪੁੱਤਰ ਨਵੀਨ ਜਿੰਦਲ 2004 ‘ਚ ਕਾਂਗਰਸ ਦੀ ਟਿਕਟ ‘ਤੇ ਪਹਿਲੀ ਵਾਰ ਕੁਰੂਕਸ਼ੇਤਰ ਤੋਂ ਸੰਸਦ ਮੈਂਬਰ ਬਣੇ ਸਨ।
2009 ‘ਚ ਲਗਾਤਾਰ ਦੂਜੀ ਵਾਰ ਸੰਸਦ ਮੈਂਬਰ ਬਣੇ। ਇਸ ਦੇ ਨਾਲ ਹੀ 2013 ਵਿੱਚ ਸਾਵਿਤਰੀ ਜਿੰਦਲ ਸਾਬਕਾ ਸੀਐਮ ਭੂਪੇਂਦਰ ਸਿੰਘ ਹੁੱਡਾ ਦੀ ਸਰਕਾਰ ਵਿੱਚ ਵੀ ਕੈਬਨਿਟ ਮੰਤਰੀ ਸੀ। 2014 ਵਿੱਚ ਸਾਵਿਤਰੀ ਜਿੰਦਲ ਅਤੇ ਨਵੀਨ ਜਿੰਦਲ ਦੋਵੇਂ ਹੀ ਚੋਣਾਂ ਹਾਰ ਗਏ ਸਨ। ਉਦੋਂ ਤੋਂ ਉਹ ਰਾਜਨੀਤੀ ਤੋਂ ਦੂਰ ਹਨ।
ਸਾਵਿਤਰੀ ਜਿੰਦਲ ਦਾ ਜਨਮ 20 ਮਾਰਚ 1950 ਨੂੰ ਤਿਨਸੁਕੀਆ, ਅਸਾਮ ਵਿੱਚ ਹੋਇਆ ਸੀ। ਉਸਦਾ ਵਿਆਹ 1970 ਵਿੱਚ ਜਿੰਦਲ ਗਰੁੱਪ ਦੇ ਸੰਸਥਾਪਕ ਓਮਪ੍ਰਕਾਸ਼ ਜਿੰਦਲ ਨਾਲ ਹੋਇਆ ਸੀ। ਉਸ ਦੇ 9 ਬੱਚੇ ਹਨ। ਜਦੋਂ ਉਹ 55 ਸਾਲਾਂ ਦੀ ਸੀ ਤਾਂ ਉਸ ਦੇ ਪਤੀ ਦੀ ਹੈਲੀਕਾਪਟਰ ਹਾਦਸੇ ਵਿੱਚ ਮੌਤ ਹੋ ਗਈ। ਆਪਣੇ ਪਤੀ ਦੀ ਮੌਤ ਤੋਂ ਬਾਅਦ ਸਾਵਿਤਰੀ ਜਿੰਦਲ ਨੇ ਸਾਰਾ ਕਾਰੋਬਾਰ ਸੰਭਾਲ ਲਿਆ ਸੀ। ਮੀਡੀਆ ਰਿਪੋਰਟਾਂ ਮੁਤਾਬਕ ਸਾਵਿਤਰੀ ਜਿੰਦਲ ਕਦੇ ਕਾਲਜ ਨਹੀਂ ਗਈ ਪਰ ਆਪਣੇ ਪਤੀ ਦੀ ਮੌਤ ਤੋਂ ਬਾਅਦ ਇੰਨੇ ਵੱਡੇ ਕਾਰੋਬਾਰ ਦੀ ਸਾਰੀ ਜ਼ਿੰਮੇਵਾਰੀ ਉਨ੍ਹਾਂ ਨੇ ਖੁਦ ਸੰਭਾਲ ਲਈ।