ਛੱਤੀਸਗੜ੍ਹ, 21 ਮਈ 2025 – ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਨਾਰਾਇਣਪੁਰ-ਬੀਜਾਪੁਰ ਜ਼ਿਲ੍ਹੇ ਦੇ ਸਰਹੱਦੀ ਖੇਤਰ ‘ਚ ਸੁਰੱਖਿਆ ਫ਼ੋਰਸਾਂ ਅਤੇ ਨਕਸਲੀਆਂ ਵਿਚਕਾਰ ਹੋਏ ਮੁਕਾਬਲੇ ‘ਚ 26 ਤੋਂ ਵੱਧ ਨਕਸਲੀ ਮਾਰੇ ਗਏ ਹਨ। ਉਪ ਮੁੱਖ ਮੰਤਰੀ ਵਿਜੇ ਸ਼ਰਮਾ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਸ਼ਰਮਾ ਨੇ ਕਿਹਾ ਕਿ ਨਾਰਾਇਣਪੁਰ-ਸੁਖਮਾ-ਬੀਜਾਪੁਰ ਜ਼ਿਲ੍ਹਿਆਂ ਦੀ ਸਰਹੱਦ ‘ਤੇ ਨਕਸਲ ਵਿਰੋਧੀ ਕਾਰਵਾਈ ਦੌਰਾਨ, ਸੁਰੱਖਿਆ ਫ਼ੋਰਸਾਂ ਨੇ ਇਕ ਮੁਕਾਬਲੇ ‘ਚ 26 ਤੋਂ ਵੱਧ ਨਕਸਲੀਆਂ ਨੂੰ ਮਾਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਸਵੇਰੇ ਅਬੂਝਮਾੜ ਅਤੇ ਇੰਦਰਾਵਤੀ ਨਦੀ ਦੇ ਵਿਚਕਾਰਲੇ ਖੇਤਰ ‘ਚ ਸੁਰੱਖਿਆ ਫ਼ੋਰਸਾਂ ਅਤੇ ਨਕਸਲੀਆਂ ਵਿਚਕਾਰ ਮੁਕਾਬਲਾ ਹੋਇਆ ਜਿਸ ‘ਚ 26 ਤੋਂ ਵੱਧ ਨਕਸਲੀ ਮਾਰੇ ਗਏ। ਇਸ ਘਟਨਾ ‘ਚ ਸੁਰੱਖਿਆ ਫ਼ੋਰਸਾਂ ਦਾ ਇਕ ਜਵਾਨ ਸ਼ਹੀਦ ਹੋ ਗਿਆ ਅਤੇ ਇਕ ਹੋਰ ਜ਼ਖਮੀ ਹੋ ਗਿਆ। ਇਸ ਤੋਂ ਪਹਿਲਾਂ ਪੁਲਸ ਅਧਿਕਾਰੀਆਂ ਨੇ ਕਿਹਾ ਸੀ ਕਿ ਨਾਰਾਇਣਪੁਰ ਅਤੇ ਬੀਜਾਪੁਰ ਜ਼ਿਲ੍ਹਿਆਂ ਦੇ ਸਰਹੱਦੀ ਖੇਤਰ ‘ਚ ਸਥਿਤ ਅਬੂਝਮਾੜ ਖੇਤਰ ‘ਚ ਮਾੜ ਡਿਵੀਜ਼ਨ ਦੇ ਨਕਸਲੀਆਂ ਦੀ ਮੌਜੂਦਗੀ ਬਾਰੇ ਜਾਣਕਾਰੀ ਦੇ ਆਧਾਰ ‘ਤੇ, ਜ਼ਿਲ੍ਹਾ ਰਿਜ਼ਰਵ ਗਾਰਡ (ਡੀਆਰਜੀ) ਨਾਰਾਇਣਪੁਰ, ਡੀਆਰਜੀ ਦਾਂਤੇਵਾੜਾ, ਡੀਆਰਜੀ ਬੀਜਾਪੁਰ ਅਤੇ ਡੀਆਰਜੀ ਕੋਂਡਾਗਾਂਵ ਦੀ ਇਕ ਸਾਂਝੀ ਟੀਮ ਨੂੰ ਨਕਸਲ ਵਿਰੋਧੀ ਕਾਰਵਾਈ ਲਈ ਭੇਜਿਆ ਗਿਆ ਸੀ।
ਉਨ੍ਹਾਂ ਕਿਹਾ ਕਿ ਅੱਜ ਸਵੇਰੇ ਅਬੂਝਮਾੜ ਇਲਾਕੇ ‘ਚ ਡੀਆਰਜੀ ਅਤੇ ਨਕਸਲੀਆਂ ਦੀ ਸਾਂਝੀ ਟੀਮ ਵਿਚਕਾਰ ਮੁਕਾਬਲਾ ਹੋਇਆ। ਸੂਬੇ ਦੇ ਉਪ ਮੁੱਖ ਮੰਤਰੀ ਵਿਜੇ ਸ਼ਰਮਾ ਕੋਲ ਗ੍ਰਹਿ ਵਿਭਾਗ ਵੀ ਹੈ। ਉਨ੍ਹਾਂ ਕਿਹਾ,”ਅੱਜ ਫ਼ੌਜੀਆਂ ਨੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। 26 ਤੋਂ ਵੱਧ ਨਕਸਲੀ ਮਾਰੇ ਗਏ ਹਨ। ਇਸ ‘ਚ ਇਕ ਵੱਡੇ ਨਕਸਲੀ ਕੈਡਰ ਦੇ ਮਾਰੇ ਜਾਣ ਦੀ ਸੰਭਾਵਨਾ ਹੈ।”

ਉਨ੍ਹਾਂ ਕਿਹਾ ਕਿ ਇਹ ਇਲਾਕਾ ਨਾਰਾਇਣਪੁਰ-ਸੁਖਮਾ-ਬੀਜਾਪੁਰ ਜ਼ਿਲ੍ਹੇ ਦਾ ਸਰਹੱਦੀ ਇਲਾਕਾ ਹੈ ਅਤੇ ਅਬੂਝਮਾੜ ਅਤੇ ਇੰਦਰਾਵਤੀ ਨਦੀ ਦੇ ਵਿਚਕਾਰ ਸਥਿਤ ਹੈ। ਸ਼ਰਮਾ ਨੇ ਕਿਹਾ ਕਿ ਡੀਆਰਜੀ ਜਵਾਨਾਂ ਅਤੇ ਨਕਸਲੀਆਂ ਵਿਚਕਾਰ ਹੋਏ ਮੁਕਾਬਲੇ ‘ਚ ਇਕ ਜਵਾਨ ਜ਼ਖਮੀ ਹੋ ਗਿਆ। ਉਪ ਮੁੱਖ ਮੰਤਰੀ ਨੇ ਇਸ ਨੂੰ ਸੁਰੱਖਿਆ ਫ਼ੋਰਸਾਂ ਦੀ ਵੱਡੀ ਸਫ਼ਲਤਾ ਦੱਸਿਆ ਅਤੇ ਕਿਹਾ ਕਿ ਇਲਾਕੇ ‘ਚ ਤਲਾਸ਼ੀ ਮੁਹਿੰਮ ਜਾਰੀ ਹੈ। ਇਸ ਸਬੰਧ ‘ਚ ਹੋਰ ਜਾਣਕਾਰੀ ਜਲਦੀ ਹੀ ਦਿੱਤੀ ਜਾਵੇਗੀ।
ਨਕਸਲੀਆਂ ਨਾਲ ਗੱਲਬਾਤ ਬਾਰੇ ਪੁੱਛੇ ਜਾਣ ‘ਤੇ ਸ਼ਰਮਾ ਨੇ ਕਿਹਾ,”ਕੇਂਦਰ ਅਤੇ ਰਾਜ ਸਰਕਾਰ ਇਕ ਵੀ ਗੋਲੀ ਨਹੀਂ ਚਲਾਉਣਾ ਚਾਹੁੰਦੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬਸਤਰ ਦੇ ਆਪਣੇ 2 ਦੌਰਿਆਂ ਦੌਰਾਨ ਕਿਹਾ, ‘ਮੈਂ ਨਕਸਲੀਆਂ ਨੂੰ ਮੁੱਖ ਧਾਰਾ ‘ਚ ਸ਼ਾਮਲ ਹੋਣ ਦੀ ਬੇਨਤੀ ਕਰਦਾ ਹਾਂ।” ਮੁੱਖ ਮੰਤਰੀ ਨੇ ਵੀ ਇਹੀ ਗੱਲ ਕਹੀ ਹੈ। ਮੇਰਾ ਮੰਨਣਾ ਹੈ ਕਿ ਉੱਚਿਤ ਲੋਕ ਗੱਲਬਾ ਕਰਨ, ਚਰਚਾ ਕਰਨ। ਹਥਿਆਰ ਸਮੱਸਿਆ ਦਾ ਹੱਲ ਨਹੀਂ ਹੁੰਦਾ ਹੈ, ਨਕਸਲੀਆਂ ਨੂੰ ਮੁੱਖ ਧਾਰਾ ‘ਚ ਸ਼ਾਮਲ ਹੋਣਾ ਚਾਹੀਦਾ ਹੈ।”
