ਮਣੀਪੁਰ, 12 ਨਵੰਬਰ 2024 – ਸੀਆਰਪੀਐਫ ਦੇ ਜਵਾਨਾਂ ਨੇ ਸੋਮਵਾਰ ਨੂੰ ਮਣੀਪੁਰ ਦੇ ਜਿਰੀਬਾਮ ਜ਼ਿਲ੍ਹੇ ਵਿੱਚ ਇੱਕ ਮੁਕਾਬਲੇ ਵਿੱਚ 10 ਕੁਕੀ ਅੱਤਵਾਦੀਆਂ ਨੂੰ ਮਾਰ ਦਿੱਤਾ। ਇਹ ਘਟਨਾ ਬੋਰੋਬੇਕੇਰਾ ਦੇ ਜੈਕੁਰਾਡੋਰ ਕਾਰੋਂਗ ਇਲਾਕੇ ‘ਚ ਦੁਪਹਿਰ 2.30 ਵਜੇ ਵਾਪਰੀ।
ਇਨ੍ਹਾਂ ਅਤਿਵਾਦੀਆਂ ਨੇ ਇੱਥੋਂ ਦੇ ਪੁਲੀਸ ਸਟੇਸ਼ਨ ਅਤੇ ਸੀਆਰਪੀਐਫ ਚੌਕੀ ’ਤੇ ਹਮਲਾ ਕੀਤਾ। ਜਵਾਬੀ ਕਾਰਵਾਈ ਦੌਰਾਨ ਇੱਕ ਸੀਆਰਪੀਐਫ ਜਵਾਨ ਜ਼ਖ਼ਮੀ ਹੋ ਗਿਆ, ਉਸ ਦਾ ਆਸਾਮ ਦੇ ਸਿਲਚਰ ਵਿੱਚ ਇਲਾਜ ਚੱਲ ਰਿਹਾ ਹੈ। ਇਹ ਇਲਾਕਾ ਅਸਾਮ ਦੀ ਸਰਹੱਦ ਨਾਲ ਲੱਗਦਾ ਹੈ।
ਪੁਲਿਸ ਸਟੇਸ਼ਨ ਦੇ ਕੋਲ ਮਣੀਪੁਰ ਹਿੰਸਾ ਤੋਂ ਬੇਘਰ ਹੋਏ ਲੋਕਾਂ ਲਈ ਇੱਕ ਰਾਹਤ ਕੈਂਪ ਹੈ। ਇੱਥੇ ਰਹਿਣ ਵਾਲੇ ਲੋਕ ਕੂਕੀ ਅੱਤਵਾਦੀ ਦੇ ਨਿਸ਼ਾਨੇ ‘ਤੇ ਹਨ। ਕੈਂਪ ‘ਤੇ ਪਹਿਲਾਂ ਵੀ ਹਮਲਾ ਹੋ ਚੁੱਕਾ ਹੈ। ਸਾਵਧਾਨੀ ਦੇ ਤੌਰ ‘ਤੇ ਇਸ ਖੇਤਰ ‘ਚ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਅਗਲੇ ਹੁਕਮਾਂ ਤੱਕ ਕਰਫਿਊ ਲਗਾ ਦਿੱਤਾ ਗਿਆ ਹੈ।
ਅਧਿਕਾਰੀਆਂ ਮੁਤਾਬਕ ਅੱਤਵਾਦੀਆਂ ਨੇ ਜਵਾਨਾਂ ਵਾਂਗ ਵਰਦੀਆਂ ਪਾਈਆਂ ਹੋਈਆਂ ਸਨ। ਇਨ੍ਹਾਂ ਕੋਲੋਂ 3 ਏਕੇ ਰਾਈਫਲਾਂ, 4 ਐਸਐਲਆਰ, 2 ਇੰਸਾਸ ਰਾਈਫਲਾਂ, ਇਕ ਆਰਪੀਜੀ, 1 ਪੰਪ ਐਕਸ਼ਨ ਗੰਨ, ਬੀਪੀ ਹੈਲਮੇਟ ਅਤੇ ਮੈਗਜ਼ੀਨ ਬਰਾਮਦ ਹੋਏ ਹਨ।