ਛੱਤੀਸਗੜ੍ਹ, 18 ਜੁਲਾਈ 2025 – ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਪੰਜਾਬ ਕਾਂਗਰਸ ਦੇ ਇੰਚਾਰਜ ਅਤੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਦੇ ਬੇਟੇ ਚੈਤੰਨਿਆ ਬਘੇਲ ਨੂੰ ਛੱਤੀਸਗੜ੍ਹ ਦੇ ਭਿਲਾਈ ਤੋਂ ਗ੍ਰਿਫਤਾਰ ਕੀਤਾ ਹੈ। ਚੈਤੰਨਿਆ ਬਘੇਲ ਦੀ ਇਹ ਗ੍ਰਿਫ਼ਤਾਰੀ ਸ਼ਰਾਬ ਘੁਟਾਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਕੀਤੀ ਗਈ ਹੈ।
ਚਰਚਾ ਹੈ ਕਿ ਚੈਤੰਨਿਆ ਦੀ ਗ੍ਰਿਫ਼ਤਾਰੀ ਮਹਾਦੇਵ ਸੱਤਾ ਐਪ ਨਾਲ ਵੀ ਜੁੜੀ ਹੋ ਸਕਦੀ ਹੈ। ਇਸ ਵੇਲੇ ਈਡੀ ਦੀ ਟੀਮ ਉਸਨੂੰ ਰਾਏਪੁਰ ਲੈ ਜਾ ਰਹੀ ਹੈ। ਜਿੱਥੇ ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ। ਇਸ ਦੇ ਨਾਲ ਹੀ, ਕਾਂਗਰਸੀ ਵਰਕਰ ਵੀ ਈਡੀ ਦਫ਼ਤਰ ਵੱਲ ਉਸਦਾ ਪਿੱਛਾ ਕਰ ਰਹੇ ਹਨ। ਉਹ ਰਾਏਪੁਰ ਵਿੱਚ ਈਡੀ ਦਫ਼ਤਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਕਰਨਗੇ। ਅੱਜ ਚੈਤੰਨਿਆ ਬਘੇਲ ਦਾ ਜਨਮਦਿਨ ਵੀ ਹੈ ਅਤੇ ਇਸੇ ਹੀ ਦਿਨ ਈਡੀ ਉਸ ਨੀ ਗ੍ਰਿਫਤਾਰ ਕਰ ਲਿਆ।
ਇਸ ਤੋਂ ਪਹਿਲਾਂ ਭੁਪੇਸ਼ ਬਘੇਲ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਲਿਖਿਆ ਸੀ ਕਿ ‘ਈਡੀ’ ਆ ਗਈ ਹੈ। ਅੱਜ ਵਿਧਾਨ ਸਭਾ ਸੈਸ਼ਨ ਦਾ ਆਖਰੀ ਦਿਨ ਹੈ। ਅੱਜ ਅਡਾਨੀ ਲਈ ਤਾਮਨਾਰ ਵਿੱਚ ਕੱਟੇ ਜਾ ਰਹੇ ਰੁੱਖਾਂ ਦਾ ਮੁੱਦਾ ਚੁੱਕਣਾ ਸੀ। “ਸਾਹਿਬ” ਨੇ ਈਡੀ ਨੂੰ ਭਿਲਾਈ ਨਿਵਾਸ ‘ਤੇ ਪਹਿਲਾਂ ਹੀ ਭੇਜ ਦਿੱਤਾ। ਭੁਪੇਸ਼ ਬਘੇਲ ਈਡੀ ਦੇ ਛਾਪੇ ਦੌਰਾਨ ਵਿਧਾਨ ਸਭਾ ਸੈਸ਼ਨ ਵਿੱਚ ਸ਼ਾਮਲ ਹੋਣ ਲਈ ਰਵਾਨਾ ਹੋ ਗਏ ਹਨ।

ਵਿਧਾਨ ਸਭਾ ਜਾਂਦੇ ਸਮੇਂ ਭੁਪੇਸ਼ ਬਘੇਲ ਨੇ ਕਿਹਾ ਕਿ ਪਿਛਲੀ ਵਾਰ ਮੇਰੇ ਜਨਮਦਿਨ ‘ਤੇ ਈਡੀ ਭੇਜੀ ਗਈ ਸੀ। ਇਸ ਵਾਰ ਮੇਰੇ ਪੁੱਤਰ ਦੇ ਜਨਮਦਿਨ ‘ਤੇ, ਮੋਦੀ ਅਤੇ ਸ਼ਾਹ ਨੇ ਆਪਣੇ ਬੌਸ ਨੂੰ ਖੁਸ਼ ਕਰਨ ਲਈ ਈਡੀ ਭੇਜੀ ਹੈ। ਭੁਪੇਸ਼ ਬਘੇਲ ਨਾ ਤਾਂ ਝੁਕਣਗੇ ਅਤੇ ਨਾ ਹੀ ਡਰਣਗੇ। ਅੱਜ ਅਸੈਂਬਲੀ ਵਿੱਚ ਅਡਾਨੀ ਦਾ ਮੁੱਦਾ ਉਠਾਇਆ ਜਾਵੇਗਾ, ਇਸ ਲਈ ਈਡੀ ਨੂੰ ਭੇਜਿਆ ਗਿਆ ਹੈ।
ਜਾਣੋ ਛੱਤੀਸਗੜ੍ਹ ਦਾ ਸ਼ਰਾਬ ਘੁਟਾਲਾ ਕੀ ਹੈ ?
ਈਡੀ ਛੱਤੀਸਗੜ੍ਹ ਸ਼ਰਾਬ ਘੁਟਾਲੇ ਮਾਮਲੇ ਦੀ ਜਾਂਚ ਕਰ ਰਹੀ ਹੈ। ਈਡੀ ਨੇ ਏਸੀਬੀ ਵਿੱਚ ਐਫਆਈਆਰ ਦਰਜ ਕਰਵਾਈ ਹੈ। ਦਰਜ ਕੀਤੀ ਗਈ ਐਫਆਈਆਰ ਵਿੱਚ 2 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਘੁਟਾਲੇ ਦਾ ਜ਼ਿਕਰ ਕੀਤਾ ਗਿਆ ਹੈ।
ਈਡੀ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਇਹ ਘੁਟਾਲਾ ਉਸ ਸਮੇਂ ਦੀ ਭੂਪੇਸ਼ ਸਰਕਾਰ ਦੇ ਕਾਰਜਕਾਲ ਦੌਰਾਨ ਆਈਏਐਸ ਅਧਿਕਾਰੀ ਅਨਿਲ ਟੁਟੇਜਾ, ਆਬਕਾਰੀ ਵਿਭਾਗ ਦੇ ਐਮਡੀ ਏਪੀ ਤ੍ਰਿਪਾਠੀ ਅਤੇ ਕਾਰੋਬਾਰੀ ਅਨਵਰ ਢੇਬਰ ਦੇ ਇੱਕ ਸਿੰਡੀਕੇਟ ਰਾਹੀਂ ਕੀਤਾ ਗਿਆ ਸੀ।
