ਨਵੀਂ ਦਿੱਲੀ, 12 ਜਨਵਰੀ 2023 – ਸਪਾਈਸਜੈੱਟ ਦੇ ਯਾਤਰੀਆਂ ਨੂੰ ਦਿੱਲੀ ਏਅਰਪੋਰਟ ‘ਤੇ ਏਅਰੋਬ੍ਰਿਜ ‘ਤੇ ਬੰਦ ਕਰ ਦੇਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਦਾਅਵਾ ਦਿੱਲੀ-ਬੇਂਗਲੁਰੂ ਸਪਾਈਸਜੈੱਟ ਦੀ ਉਡਾਣ ਐਸਜੀ 8133 ਦੇ ਇੱਕ ਯਾਤਰੀ ਨੇ ਕੀਤਾ ਹੈ। ਉਸ ਦਾ ਕਹਿਣਾ ਹੈ ਕਿ ਏਅਰਲਾਈਨ ਨੇ ਮੰਗਲਵਾਰ ਯਾਨੀ 10 ਜਨਵਰੀ ਨੂੰ ਉਡਾਣ ਤੋਂ ਪਹਿਲਾਂ ਬੋਰਡਿੰਗ ਗੇਟ ਅਤੇ ਜਹਾਜ਼ ਦੇ ਵਿਚਕਾਰ ਰਸਤੇ ‘ਚ ਸਾਰੇ ਯਾਤਰੀਆਂ ਨੂੰ ਰੋਕ ਦਿੱਤਾ।
ਟਰੈਵਲ ਵਲਾਗਰ ਸੌਮਿਲ ਅਗਰਵਾਲ ਨੇ ਇਸ ਦਾ ਵੀਡੀਓ ਸ਼ੇਅਰ ਕੀਤਾ ਹੈ। ਕੈਪਸ਼ਨ ‘ਚ ਵੀ ਲਿਖਿਆ- ਸਪਾਈਸਜੈੱਟ ਮੈਂ ਸਮਝਦਾ ਹਾਂ ਕਿ ਕਈ ਵਾਰ ਫਲਾਈਟ ਲੇਟ ਹੋ ਜਾਂਦੀ ਹੈ। ਪਰ ਸਵਾਰੀਆਂ ਨੂੰ ਬੋਰਡਿੰਗ ਗੇਟ ਤੋਂ ਅੱਗੇ ਲਿਜਾਣਾ ਇੱਕ ਚੰਗਾ ਵਿਚਾਰ ਨਹੀਂ ਹੈ, ਆਪਣੇ ਯਾਤਰੀਆਂ ਨੂੰ ਅੱਗੇ ਨਾ ਜਾਣ ਦਿਓ ਅਤੇ ਉਹਨਾਂ ਨੂੰ ਵਿਚਕਾਰ ਵਿੱਚ ਨਾ ਰੋਕੋ।
ਜਦੋਂ ਯਾਤਰੀਆਂ ਨੇ ਬੋਰਡਿੰਗ ਗੇਟ ਖੋਲ੍ਹਣ ਲਈ ਕਿਹਾ ਤਾਂ ਕਿ ਉਹ ਉਡੀਕ ਵਾਲੀ ਥਾਂ ‘ਤੇ ਆਰਾਮ ਕਰ ਸਕਣ, ਤਾਂ ਅਧਿਕਾਰੀਆਂ ਨੇ ਇਨਕਾਰ ਕਰ ਦਿੱਤਾ ਅਤੇ ਗਾਇਬ ਹੋ ਗਏ, ਜਦੋਂ ਬਜ਼ੁਰਗਾਂ ਨੇ ਇਕ ਘੰਟੇ ਤੋਂ ਵੱਧ ਸਮੇਂ ਤੱਕ ਉਥੇ ਫਸੇ ਰਹਿਣ ਕਾਰਨ ਪਾਣੀ ਮੰਗਿਆ ਤਾਂ ਅਧਿਕਾਰੀਆਂ ਨੇ ਉਹਨਾਂ ਨੂੰ ਪਾਣੀ ਨਹੀਂ ਦਿੱਤਾ ਅਤੇ ਕਿਹਾ ਕਿ ਗੇਟ ਖੁੱਲ੍ਹਦੇ ਹੀ ਫਲਾਈਟ ਵਿੱਚ ਪਾਣੀ ਮੰਗਣ। ਜਦੋਂ ਲੋਕਾਂ ਨੇ ਉਸ ਨੂੰ ਪੁੱਛਿਆ ਕਿ ਕਿੰਨਾ ਸਮਾਂ ਲੱਗੇਗਾ ਤਾਂ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ।

ਸਪਾਈਸਜੈੱਟ ਦੇ ਬੁਲਾਰੇ ਨੇ ਸਪੱਸ਼ਟ ਕੀਤਾ ਕਿ ਨੈੱਟਵਰਕ ‘ਚ ਖਰਾਬ ਮੌਸਮ ਕਾਰਨ ਫਲਾਈਟ ‘ਚ ਦੇਰੀ ਹੋਈ। ਫਿਰ ਯਾਤਰੀਆਂ ਨੂੰ ਏਅਰੋਬ੍ਰਿਜ ‘ਤੇ ਇੰਤਜ਼ਾਰ ਕਰਨ ਲਈ ਕਿਹਾ ਗਿਆ, ਕਿਉਂਕਿ ਸੁਰੱਖਿਆ ਜਾਂਚ ਪਹਿਲਾਂ ਹੀ ਕੀਤੀ ਜਾ ਚੁੱਕੀ ਸੀ।
ਉਨ੍ਹਾਂ ਕਿਹਾ ਕਿ ਏਅਰਲਾਈਨਜ਼ ਵੱਲੋਂ ਏਅਰਕ੍ਰਾਫਟ ਦੇ ਦਰਵਾਜ਼ੇ ਅਤੇ ਐਰੋਬ੍ਰਿਜ ਦੇ ਨੇੜੇ ਹੇਠਲੀ ਮੰਜ਼ਿਲ ‘ਤੇ ਬੈਠੇ ਯਾਤਰੀਆਂ ਨੂੰ ਪਾਣੀ ਪਿਲਾਇਆ ਗਿਆ। ਵੀਡੀਓ ਬੋਰਡਿੰਗ ਗੇਟ ਦੇ ਬਾਹਰ ਸ਼ੂਟ ਕੀਤਾ ਗਿਆ ਸੀ। ਉਕਤ ਫਲਾਈਟ ਦੇ ਸਾਰੇ ਯਾਤਰੀਆਂ ਨੂੰ ਸਰਵਿਸ ਰਿਕਵਰੀ ਵਾਊਚਰ ਦਿੱਤੇ ਗਏ। ਏਅਰਲਾਈਨ ਨੇ ਕਿਹਾ ਕਿ ਬੋਇੰਗ ਏਅਰਕ੍ਰਾਫਟ ਲਈ ਦਿੱਲੀ ਹਵਾਈ ਅੱਡੇ ‘ਤੇ ਟਰਨਅਰਾਊਂਡ ਟਾਈਮ 40-45 ਮਿੰਟ ਹੈ ਅਤੇ ਇਸ ਖਾਸ ਉਡਾਣ ਲਈ, ਇਹ ਔਸਤ ਟਰਨਅਰਾਊਂਡ ਟਾਈਮ ਤੋਂ ਲਗਭਗ 20 ਮਿੰਟ ਜ਼ਿਆਦਾ ਸੀ।
