- ਰਿਕਟਰ ਪੈਮਾਨੇ ‘ਤੇ ਭੁਚਾਲ ਦੇ ਝਟਕਿਆਂ ਦੀ ਤੀਬਰਤਾ 4.4, 3.1 ਅਤੇ 3.4 ਮਾਪੀ ਗਈ,
- ਲੋਕ ਘਰਾਂ ਅਤੇ ਅਪਾਰਟਮੈਂਟਾਂ ਤੋਂ ਆਏ ਬਾਹਰ
ਜੈਪੁਰ, 21 ਜੁਲਾਈ 2023 – ਰਾਜਸਥਾਨ ਦੀ ਰਾਜਧਾਨੀ ਜੈਪੁਰ ਸ਼ੁੱਕਰਵਾਰ ਨੂੰ ਭੂਚਾਲ ਨਾਲ ਹਿੱਲ ਗਈ। ਇੱਥੇ ਸਵੇਰੇ 4:9 ਵਜੇ ਤੋਂ 4:25 ਵਜੇ ਦਰਮਿਆਨ ਭੂਚਾਲ ਦੇ ਤਿੰਨ ਝਟਕੇ ਮਹਿਸੂਸ ਕੀਤੇ ਗਏ। ਫਿਲਹਾਲ ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ।
ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਮੁਤਾਬਕ ਤਿੰਨ ਝਟਕੇ ਮਹਿਸੂਸ ਕੀਤੇ ਗਏ ਹਨ। ਭੂਚਾਲ ਦਾ ਪਹਿਲਾ ਝਟਕਾ 4:09 ‘ਤੇ ਆਇਆ, ਜਿਸ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 4.4 ਸੀ। ਦੂਜਾ ਝਟਕਾ 4:22 ‘ਤੇ 3.1 ਦੀ ਤੀਬਰਤਾ ਨਾਲ ਅਤੇ ਤੀਜਾ ਝਟਕਾ 4:25 ‘ਤੇ 3.4 ਦੀ ਤੀਬਰਤਾ ਨਾਲ ਆਇਆ।
ਸਥਾਨਕ ਲੋਕਾਂ ਨੇ ਦੱਸਿਆ ਕਿ ‘ਇਕ ਤੋਂ ਬਾਅਦ ਇਕ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਧਮਾਕੇ ਵਰਗੀ ਆਵਾਜ਼ ਸੁਣਾਈ ਦਿੱਤੀ। ਲੋਕ ਸਵੇਰੇ 4 ਵਜੇ ਡਰ ਦੇ ਮਾਰੇ ਘਰਾਂ ਅਤੇ ਅਪਾਰਟਮੈਂਟਾਂ ਤੋਂ ਬਾਹਰ ਆ ਗਏ। ਭੂਚਾਲ ਤੋਂ ਬਾਅਦ ਕਈ ਇਲਾਕਿਆਂ ‘ਚ ਬਿਜਲੀ ਗੁੱਲ ਹੋ ਗਈ।
ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਜੈਪੁਰ ‘ਚ ਪਹਿਲਾਂ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ, ਪਰ ਉਨ੍ਹਾਂ ਨੇ ਇੰਨਾ ਤੇਜ਼ ਭੂਚਾਲ ਪਹਿਲੀ ਵਾਰ ਦੇਖਿਆ ਹੈ।