ਆਸਾਮ, 13 ਅਕਤੂਬਰ 2024 – ਆਸਾਮ ਦੇ ਉੱਤਰੀ-ਮੱਧ ਹਿੱਸੇ ‘ਚ ਐਤਵਾਰ ਸਵੇਰੇ 4.2 ਤੀਬਰਤਾ ਨਾਲ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਹ ਜਾਣਕਾਰੀ ਇੱਕ ਅਧਿਕਾਰਤ ਬੁਲੇਟਿਨ ਵਿੱਚ ਦਿੱਤੀ ਗਈ ਹੈ। ਭੁਚਾਲ ਆਉਣ ਨਾਲ ਲੋਕ ਆਪਣੇ ਘਰਾਂ ਵਿਚੋਂ ਬਾਹਰ ਆ ਗਏ। ਰਾਸ਼ਟਰੀ ਭੂਚਾਲ ਕੇਂਦਰ ਦੀ ਰਿਪੋਰਟ ‘ਚ ਕਿਹਾ ਗਿਆ ਹੈ ਕਿ ਬ੍ਰਹਮਪੁੱਤਰ ਦੇ ਉੱਤਰੀ ਕੰਢੇ ‘ਤੇ ਉਦਲਗੁੜੀ ਜ਼ਿਲ੍ਹੇ ‘ਚ ਸਵੇਰੇ 7.47 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਜ਼ਮੀਨ ਤੋਂ 15 ਕਿਲੋਮੀਟਰ ਦੀ ਡੂੰਘਾਈ ‘ਤੇ ਸੀ।
ਇਸ ਦੇ ਨਾਲ ਹੀ ਭੂਚਾਲ ਦਾ ਕੇਂਦਰ ਗੁਹਾਟੀ ਤੋਂ ਲਗਭਗ 105 ਕਿਲੋਮੀਟਰ ਉੱਤਰ ਵਿੱਚ ਅਤੇ ਅਸਾਮ-ਅਰੁਣਾਚਲ ਪ੍ਰਦੇਸ਼ ਸਰਹੱਦ ਨੇੜੇ ਤੇਜਪੁਰ ਤੋਂ 48 ਕਿਲੋਮੀਟਰ ਪੱਛਮ ਵਿੱਚ ਸਥਿਤ ਸੀ। ਨੇੜਲੇ ਦਰਾਂਗ, ਤਾਮੂਲਪੁਰ, ਸੋਨਿਤਪੁਰ, ਕਾਮਰੂਪ ਅਤੇ ਵਿਸ਼ਵਨਾਥ ਜ਼ਿਲ੍ਹਿਆਂ ਦੇ ਲੋਕਾਂ ਨੇ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ। ਬ੍ਰਹਮਾਪੁਰ ਦੇ ਦੱਖਣੀ ਕਿਨਾਰੇ ‘ਤੇ ਕਾਮਰੂਪ ਮਹਾਂਨਗਰ, ਮੋਰੀਗਾਂਵ ਅਤੇ ਨਗਾਓਂ ‘ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਪੱਛਮੀ ਅਰੁਣਾਚਲ ਪ੍ਰਦੇਸ਼ ਦੇ ਨਾਲ-ਨਾਲ ਪੂਰਬੀ ਭੂਟਾਨ ਦੇ ਕੁਝ ਇਲਾਕਿਆਂ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।