ਚੰਡੀਗੜ੍ਹ, 20 ਅਗਸਤ 2025 – ਦੇਸ਼ ਭਰ ‘ਚ ਨੌਜਵਾਨਾਂ ਅਤੇ ਨਾਬਾਲਗਾਂ ‘ਚ ਅਚਾਨਕ ਦਿਲ ਦੇ ਦੌਰੇ ਨਾਲ ਮੌਤਾਂ ਚਿੰਤਾ ਦਾ ਵੱਡਾ ਕਾਰਨ ਬਣ ਰਹੀਆਂ ਹਨ। ਹਰਿਆਣਾ ਦੇ ਚਰਖੀ ਦਾਦਰੀ ਜ਼ਿਲ੍ਹੇ ‘ਚ ਇਕ 15 ਸਾਲ ਦੀ ਸਕੂਲੀ ਵਿਦਿਆਰਥਣ ਦੀ ਕਲਾਸ ਰੂਮ ‘ਚ ਹੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।
ਘਟਨਾ ਮੰਗਲਵਾਰ ਦੁਪਹਿਰ ਦੀ ਹੈ। ਢਾਣੀ ਫੋਗਾਟ ਸਰਕਾਰੀ ਕੰਨਿਆ ਸਕੂਲ ‘ਚ 9ਵੀਂ ਦੀ ਵਿਦਿਆਰਥਣ ਤਮੰਨਾ ਰੋਜ਼ ਦੀ ਤਰ੍ਹਾਂ ਸਕੂਲ ਗਈ ਸੀ। ਲੰਚ ਬ੍ਰੇਕ ਦੌਰਾਨ ਉਹ ਆਪਣੀਆਂ ਸਹੇਲੀਆਂ ਨਾਲ ਖਾਣਾ ਖਾਣ ਮਗਰੋਂ ਕਲਾਸ ਰੂਮ ‘ਚ ਬੈਂਚ ‘ਤੇ ਬੈਠੀ ਸੀ। ਉਦੋਂ ਉਹ ਅਚਾਨਕ ਉੱਠੀ ਅਤੇ ਬੇਹੋਸ਼ ਹੋ ਕੇ ਡਿੱਗ ਗਈ। ਸਾਥੀ ਵਿਦਿਆਰਥਣਾਂ ਨੇ ਜਦੋਂ ਦੇਖਿਆ ਕਿ ਉਹ ਹੋਸ਼ ‘ਚ ਨਹੀਂ ਹੈ ਤਾਂ ਤੁਰੰਤ ਸਟਾਫ਼ ਨੂੰ ਜਾਣਕਾਰੀ ਦਿੱਤੀ ਗਈ।
ਵਿਦਿਆਰਥਣ ਦੀ ਸਿਹਤ ਵਿਗੜਦੇ ਹੀ ਸਕੂਲ ਪ੍ਰਸ਼ਾਸਨ ਨੇ ਪਰਿਵਾਰ ਨੂੰ ਫੋਨ ਕਰ ਕੇ ਬੁਲਾਇਆ। ਪਿਤਾ ਰੋਸ਼ਨ ਅਨੁਸਾਰ, ਉਨ੍ਹਾਂ ਨੂੰ ਦੱਸਿਆ ਗਿਆ ਕਿ ਤਮੰਨਾ ਦੀ ਹਾਲਤ ਗੰਭੀਰ ਹੈ ਅਤੇ ਉਹ ਤੁਰੰਤ ਸਕੂਲ ਪਹੁੰਚਣ। ਧੀ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿ4ਤਾ। ਇਸ ਤੋਂ ਬਾਅਦ ਵਿਦਿਆਰਥਣ ਦੀ ਲਾਸ਼ ਨੂੰ ਦਾਦਰੀ ਨਾਗਰਿਕ ਹਸਪਤਾਲ ‘ਚ ਪੋਸਟਮਾਰਟਮ ਲਈ ਭੇਜੀ ਗਈ। ਪੁਲਸ ਨੇ ਪਿਤਾ ਦਾ ਬਿਆਨ ਦਰਜ ਕਰ ਲਿਆ ਹੈ। ਸਦਰ ਥਾਣਾ ਇੰਚਾਰਜ ਐੱਸਆਈ ਸਤਬੀਰ ਨੇ ਜਾਣਕਾਰੀ ਦਿੱਤੀ ਕੀ ਵਿਦਿਆਰਥਣ ਨੂੰ ਦੁਪਹਿਰ ਕਰੀਬ 12.30 ਵਜੇ ਕਲਾਸਰੂਮ ‘ਚ ਦਿਲ ਦਾ ਦੌਰਾ ਪਿਆ। ਸ਼ੁਰੂਆਤੀ ਜਾਂਚ ‘ਚ ਕੋਈ ਸ਼ੱਕੀ ਸਥਿਤੀ ਸਾਹਮਣੇ ਨਹੀਂ ਆਈ ਹੈ। ਮ੍ਰਿਤਕਾ ਦੀ ਉਮਰ ਸਿਰਫ਼ 15 ਸਾਲ ਸੀ ਅਤੇ ਉਹ ਪੂਰੀ ਤਰ੍ਹਾਂ ਸਿਹਤਮੰਦ ਨਜ਼ਰ ਆਉਂਦੀ ਸੀ, ਜਿਸ ਕਾਰਨ ਪਰਿਵਾਰ ਵਾਲੇ ਸਦਮੇ ‘ਚ ਹਨ।

