ਨਵੀਂ ਦਿੱਲੀ, 7 ਮਈ 2022 – ਪ੍ਰਦਰਸ਼ਨਾਂ ਦੌਰਾਨ ਭੜਕਾਊ ਬਿਆਨ ਦੇਣ ਦੇ ਦੋਸ਼ ਵਿੱਚ ਪੰਜਾਬ ਪੁਲਿਸ ਵੱਲੋਂ ਦਿੱਲੀ ਤੋਂ ਗ੍ਰਿਫ਼ਤਾਰ ਕੀਤੇ ਗਏ ਭਾਜਪਾ ਆਗੂ ਤਜਿੰਦਰ ਬੱਗਾ ਸ਼ੁੱਕਰਵਾਰ ਦੇਰ ਰਾਤ ਦਿੱਲੀ ਸਥਿਤ ਆਪਣੇ ਘਰ ਪਹੁੰਚ ਗਏ। ਸਾਰਾ ਦਿਨ ਚੱਲੇ ਇਸ ਹਾਈਵੋਲਟੇਜ ਡਰਾਮੇ ਤੋਂ ਬਾਅਦ ਜਦੋਂ ਭਾਜਪਾ ਆਗੂ ਆਪਣੇ ਘਰਾਂ ਵਿਚ ਪੁੱਜੇ ਤਾਂ ਪਾਰਟੀ ਆਗੂਆਂ-ਵਰਕਰਾਂ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਬੱਗਾ ਦੇ ਪਿਤਾ ਉਸ ਨੂੰ ਮਠਿਆਈ ਖੁਆਉਂਦੇ ਨਜ਼ਰ ਆਏ। ਪੰਜਾਬ ਪੁਲੀਸ ਦੀ ਗ੍ਰਿਫ਼ਤ ’ਚੋਂ ਬਾਹਰ ਆਏ ਆਗੂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪਾਰਟੀ ਵਰਕਰਾਂ ਦੇ ਨਾਲ-ਨਾਲ ਦਿੱਲੀ ਤੇ ਹਰਿਆਣਾ ਪੁਲੀਸ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ।
ਬੱਗਾ ਨੇ ਕਿਹਾ ਕਿ, “ਜਿਨ੍ਹਾਂ ਲੋਕਾਂ ਨੂੰ ਲੱਗਦਾ ਹੈ ਕਿ ਉਹ ਪੁਲਿਸ ਦੀ ਮਦਦ ਨਾਲ ਕੁਝ ਵੀ ਕਰ ਸਕਦੇ ਹਨ, ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਭਾਜਪਾ ਵਰਕਰ ਕਿਸੇ ਤੋਂ ਡਰਦੇ ਨਹੀਂ ਹਨ। ਦਿੱਲੀ ਪੁਲਿਸ ਨੇ ਪੂਰੇ ਮਾਮਲੇ ਵਿੱਚ ਐਫਆਈਆਰ ਦਰਜ ਕਰ ਲਈ ਹੈ। ਦੋਸ਼ੀਆਂ ‘ਤੇ ਕਾਰਵਾਈ ਹੋਵੇਗੀ।
ਭਾਜਪਾ ਨੇਤਾ ਨੇ ਕਿਹਾ, “ਮੈਨੂੰ ਗੈਰ-ਕਾਨੂੰਨੀ ਤਰੀਕੇ ਨਾਲ ਹਿਰਾਸਤ ਵਿੱਚ ਲਿਆ ਗਿਆ ਸੀ। ਸਥਾਨਕ ਪੁਲਿਸ ਦੇ ਕਿਸੇ ਵੀ ਅਧਿਕਾਰੀ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ। ਜੇਕਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮੇਰੇ ‘ਤੇ 100 ਹੋਰ ਐਫਆਈਆਰ ਦਰਜ ਕਰਵਾਉਣਾ ਚਾਹੁੰਦੇ ਹਨ, ਤਾਂ ਕਰਵਾ ਸਕਦੇ ਹਨ, ਪਰ ਉਨ੍ਹਾਂ ਨੇ ਕਸ਼ਮੀਰੀ ਪੰਡਤਾਂ ਬਾਰੇ ਜੋ ਬਿਆਨ ਦਿੱਤਾ ਹੈ ਉਸ ਲਈ ਮੁਆਫੀ ਮੰਗਣੀ ਪਵੇਗੀ, ਅਜਿਹਾ ਹੋਣ ਤੱਕ ਲੜਾਈ ਜਾਰੀ ਰਹੇਗੀ।
ਇੱਥੇ ਉਨ੍ਹਾਂ ਦੇ ਬੇਟੇ ਦੇ ਘਰ ਪਰਤਣ ‘ਤੇ ਪੀਐਸ ਬੱਗਾ ਨੇ ਦੱਸਿਆ ਕਿ ਪੰਜਾਬ ਪੁਲਿਸ ਨੇ ਆ ਕੇ ਤਜਿੰਦਰ ਨੂੰ ਖਿੱਚਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਉਸ ਨੂੰ ਪੱਗ ਬੰਨ੍ਹਣ ਦਾ ਮੌਕਾ ਵੀ ਨਹੀਂ ਦਿੱਤਾ। ਇਹ ਸਾਡੇ ਧਾਰਮਿਕ ਸਿਧਾਂਤਾਂ ਦੇ ਵਿਰੁੱਧ ਹੈ। ਇਸ ਪੂਰੇ ਮਾਮਲੇ ਵਿੱਚ ਮੈਂ ਆਪਣੇ ਸਮਾਜ ਦੇ ਵੀਰਾਂ ਨੂੰ ਆਪਣੀ ਆਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ ਹੈ। ਹੁਣ ਮੇਰਾ ਪੁੱਤਰ ਵਾਪਸ ਆ ਗਿਆ ਹੈ। ਸੱਚ ਦੀ ਜਿੱਤ ਹੋਈ ਹੈ।
ਪਤਾ ਲੱਗਾ ਹੈ ਕਿ ਸ਼ੁੱਕਰਵਾਰ ਨੂੰ ਪੰਜਾਬ ਪੁਲਸ ਨੇ ਬੱਗਾ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਸੀ। ਪੁਲਿਸ ਨੇ ਇਹ ਕਾਰਵਾਈ ਮੁਹਾਲੀ ਦੇ ਰਹਿਣ ਵਾਲੇ ਇੱਕ ‘ਆਪ’ ਆਗੂ ਵੱਲੋਂ ਦਰਜ ਕਰਵਾਈ ਗਈ ਐਫਆਈਆਰ ਦਾ ਨੋਟਿਸ ਲੈਂਦਿਆਂ ਕੀਤੀ ਹੈ। ਪਰ ਜਦੋਂ ਦਿੱਲੀ ਪੁਲਿਸ ਨੇ ਭਾਜਪਾ ਆਗੂ ਦੇ ਪਿਤਾ ਦੇ ਬਿਆਨਾਂ ਦੇ ਆਧਾਰ ‘ਤੇ ਬੱਗਾ ਦੇ ਅਗਵਾ ਹੋਣ ਦੀ ਸ਼ਿਕਾਇਤ ਦਰਜ ਕਰ ਕੇ ਮੁਹਾਲੀ ਨੂੰ ਜਾਂਦੇ ਹੋਏ ਹਰਿਆਣਾ ਪੁਲਿਸ ਨੇ ਉਸਨੂੰ ਰਸਤੇ ਵਿੱਚ ਹੀ ਰੋਕ ਲਿਆ। ਹਰਿਆਣਾ ਪੁਲਿਸ ਨੇ ਬੱਗਾ ਨੂੰ ਲੈ ਕੇ ਜਾ ਰਹੀ ਪੰਜਾਬ ਪੁਲਿਸ ਦੀਆਂ ਗੱਡੀਆਂ ਨੂੰ ਘੇਰ ਲਿਆ ਅਤੇ ਸਿਪਾਹੀਆਂ ਸਮੇਤ ਸਾਰਿਆਂ ਨੂੰ ਹਿਰਾਸਤ ‘ਚ ਲੈ ਕੇ ਕੁਰੂਕਸ਼ੇਤਰ ਜ਼ਿਲ੍ਹੇ ਦੇ ਪੁਲਿਸ ਸਟੇਸ਼ਨ ‘ਚ ਲਿਆਂਦਾ |
ਇਸ ਦੌਰਾਨ ਪੰਜਾਬ ਅਤੇ ਹਰਿਆਣਾ ਦੀ ਅਦਾਲਤ ਨੇ ‘ਆਪ’ ਦੀ ਸਰਕਾਰ ਵਾਲੀ ਪੰਜਾਬ ਸਰਕਾਰ ਦੀ ਮੰਗ ਨੂੰ ਰੱਦ ਕਰ ਦਿੱਤਾ ਕਿ ਬੱਗਾ ਨੂੰ ਦਿੱਲੀ ਪੁਲੀਸ ਹਵਾਲੇ ਕਰਨ ਦੀ ਬਜਾਏ ਹਰਿਆਣਾ ਵਿੱਚ ਹੀ ਰੱਖਿਆ ਜਾਵੇ। ਹਰਿਆਣਾ ਪੁਲਿਸ ਨੇ ਦਿੱਲੀ ਪੁਲਿਸ ਦੀ ਬੇਨਤੀ ‘ਤੇ ਕਾਰਵਾਈ ਕੀਤੀ, ਜੋ ਅਗਵਾ ਦੀ ਸ਼ਿਕਾਇਤ ਦਰਜ ਹੁੰਦੇ ਹੀ ਸਰਚ ਵਾਰੰਟ ਲਈ ਅਦਾਲਤ ‘ਚ ਪਹੁੰਚੀ। ਵਾਰੰਟ ਮਿਲਦੇ ਹੀ ਦਿੱਲੀ ਪੁਲਿਸ ਦੀ ਟੀਮ ਕੁਰੂਕਸ਼ੇਤਰ ਪਹੁੰਚੀ ਅਤੇ ਬੱਗਾ ਨੂੰ ‘ਬਚਾਉਂਦੇ’ ਹੋਏ ਵਾਪਸ ਦਿੱਲੀ ਲੈ ਆਈ।