- ਤਬੀਅਤ ਵਿਗੜੀ, ਹਸਪਤਾਲ ‘ਚ ਕਰਵਾਏ ਗਏ ਭਰਤੀ
- ED ਵੱਲੋਂ ਘਰ ‘ਚ ਛਾਪੇਮਾਰੀ ਤੋਂ ਬਾਅਦ ਤਾਮਿਲਨਾਡੂ ਦੇ ਬਿਜਲੀ ਮੰਤਰੀ ਹਿਰਾਸਤ ‘ਚ
- ਤਬੀਅਤ ਵਿਗੜਨ ਤੋਂ ਬਾਅਦ ICU ‘ਚ ਦਾਖ਼ਲ,DMK ਨੇ ਲਗਾਇਆ ਤਸ਼ੱਦਦ ਦਾ ਇਲਜ਼ਾਮ
ਚੇਨਈ, 14 ਜੂਨ 2023 – ਤਾਮਿਲਨਾਡੂ ਦੇ ਬਿਜਲੀ ਮੰਤਰੀ ਵੀ ਸੇਂਥਿਲ ਬਾਲਾਜੀ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਉਨ੍ਹਾਂ ਦੇ ਘਰ ਛਾਪੇਮਾਰੀ ਤੋਂ ਬਾਅਦ ਹਿਰਾਸਤ ‘ਚ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਬਾਲਾਜੀ ਨੂੰ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐਮਐਲਏ) ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਨੂੰ ਬਾਅਦ ਵਿੱਚ ਇੱਕ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ, ਜਿੱਥੇ ਏਜੰਸੀ ਉਸਦੀ ਹਿਰਾਸਤ ਦੀ ਮੰਗ ਕਰੇਗੀ।
ਇਸ ਤੋਂ ਪਹਿਲਾਂ ਬੁੱਧਵਾਰ ਸਵੇਰੇ ਉਸ ਨੂੰ ਸਰਕਾਰੀ ਹਸਪਤਾਲ ਦੇ ਆਈਸੀਯੂ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਡੀਐਮਕੇ ਨੇਤਾਵਾਂ ਨੇ ਦੋਸ਼ ਲਗਾਇਆ ਕਿ ਬਾਲਾਜੀ ਨੇ ਉਨ੍ਹਾਂ ਦੇ ਘਰ ‘ਤੇ ਛਾਪੇਮਾਰੀ ਤੋਂ ਬਾਅਦ ਸਰੀਰਕ ਬੇਚੈਨੀ ਦੀ ਸ਼ਿਕਾਇਤ ਕੀਤੀ ਸੀ। ਰਾਜ ਮੰਤਰੀ ਪੀਕੇ ਸੇਕਰ ਬਾਬੂ ਨੇ ਕਿਹਾ ਕਿ ਬਾਲਾਜੀ ਦੀ ਹਾਲਤ ਦੇਖ ਕੇ ਅਜਿਹਾ ਲੱਗ ਰਿਹਾ ਸੀ ਜਿਵੇਂ ਉਨ੍ਹਾਂ ‘ਤੇ ਤਸ਼ੱਦਦ ਕੀਤਾ ਗਿਆ ਹੋਵੇ।
ਦੂਜੇ ਪਾਸੇ ਜਿੱਥੇ ਈਡੀ ਨੇ ਲੰਬੇ ਸਮੇਂ ਬਾਅਦ ਬਾਲਾਜੀ ਦੀ ਗ੍ਰਿਫ਼ਤਾਰੀ ਦੀ ਜਾਣਕਾਰੀ ਦਿੱਤੀ ਹੈ, ਉੱਥੇ ਹੀ ਹਸਪਤਾਲ ਵਿੱਚ ਬਾਲਾਜੀ ਨੂੰ ਮਿਲਣ ਗਏ ਡੀਐਮਕੇ ਦੇ ਵਕੀਲਾਂ ਨੇ ਵੀ ਇਸ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਸਪੱਸ਼ਟਤਾ ਤੋਂ ਇਨਕਾਰ ਕੀਤਾ ਹੈ।
ਇਸ ਛਾਪੇਮਾਰੀ ‘ਚ ਈਡੀ ਨੇ ਮੰਗਲਵਾਰ-ਬੁੱਧਵਾਰ ਦੇਰ ਰਾਤ ਸੇਂਥਿਲ ਨੂੰ ਆਪਣੀ ਹਿਰਾਸਤ ‘ਚ ਲਿਆ ਸੀ ਪਰ ਇਸ ਤੋਂ ਬਾਅਦ ਇਕ ਅਜੀਬ ਘਟਨਾ ਵਾਪਰੀ ਜਦੋਂ ਈਡੀ ਦੀ ਹਿਰਾਸਤ ‘ਚ ਮੰਤਰੀ ਆਪਣੀ ਸਿਹਤ ਦੀ ਸ਼ਿਕਾਇਤ ਕਰਦੇ ਹੋਏ ਰੋਣ ਲੱਗੇ। ਇਸ ਤੋਂ ਤੁਰੰਤ ਬਾਅਦ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਅਧਿਕਾਰੀ ਤਾਮਿਲਨਾਡੂ ਦੇ ਬਿਜਲੀ ਮੰਤਰੀ ਵੀ ਸੇਂਥਿਲ ਬਾਲਾਜੀ ਨੂੰ ਸਰਕਾਰੀ ਹਸਪਤਾਲ ਲੈ ਕੇ ਆਏ। ਉੱਥੇ ਜਦੋਂ ਉਸ ਨੂੰ ਹਸਪਤਾਲ ਦੇ ਅੰਦਰ ਲਿਜਾਇਆ ਜਾ ਰਿਹਾ ਸੀ ਤਾਂ ਉਹ ਰੌਂਦੇ ਹੋਏ ਦਿਖਾਈ ਦਿੱਤੇ। ਦੂਜੇ ਪਾਸੇ ਉਨ੍ਹਾਂ ਦੇ ਬਿਮਾਰ ਹੋਣ ਦੀ ਸੂਚਨਾ ਮਿਲਦੇ ਹੀ ਡੀਐਮਕੇ ਸਮਰਥਕ ਹਸਪਤਾਲ ਵਿੱਚ ਇਕੱਠੇ ਹੋ ਗਏ ਅਤੇ ਈਡੀ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
ਇਸ ਦੌਰਾਨ ਕੇਂਦਰੀ ਅਰਧ ਸੈਨਿਕ ਬਲ ਦੇ ਜਵਾਨ ਹਸਪਤਾਲ ਵਿੱਚ ਤਾਇਨਾਤ ਸਨ, ਜਿੱਥੇ ਬਾਲਾਜੀ ਨੂੰ ਦਾਖਲ ਕਰਵਾਇਆ ਗਿਆ ਸੀ।ਪੀ ਸੇਕਰ ਬਾਬੂ ਨੇ ਸੇਂਥਿਲ ਬਾਲਾਜੀ ਦੀ ਹਾਲਤ ਬਾਰੇ ਮੀਡੀਆ ਨਾਲ ਗੱਲ ਕੀਤੀ। ਉਨ੍ਹਾਂ ਦੱਸਿਆ ਕਿ ਬਿਜਲੀ ਮੰਤਰੀ ਨੂੰ ਫਿਲਹਾਲ ਆਈਸੀਯੂ ਵਿੱਚ ਰੱਖਿਆ ਗਿਆ ਹੈ। ਉਹ ਬੇਹੋਸ਼ ਹੈ ਅਤੇ ਉਸਦਾ ਨਾਮ ਪੁਕਾਰਣ ‘ਤੇ ਵੀ ਕੋਈ ਜਵਾਬ ਨਹੀਂ ਦੇ ਰਹੇ ਹਨ। ਉਸ ਦੇ ਕੰਨ ਦੇ ਨੇੜੇ ਸੋਜ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਉਸ ਦੀ ਈਸੀਜੀ ਵਿੱਚ ਵੀ ਬਹੁਤ ਉਤਰਾਅ-ਚੜ੍ਹਾਅ ਆ ਰਹੇ ਹਨ। ਬਾਬੂ ਨੇ ਦੋਸ਼ ਲਾਇਆ ਕਿ ਬਾਲਾਜੀ ‘ਤੇ ਤਸ਼ੱਦਦ ਕੀਤਾ ਗਿਆ ਹੈ।