ਪੰਚਕੂਲਾ, 10 ਅਗਸਤ 2022 – ਮਾਪੇ ਆਪਣੇ ਬੱਚਿਆਂ ਨੂੰ ਵਧੀਆ ਸਿੱਖਿਆ ਅਤੇ ਚੰਗੇ ਸੰਸਕਾਰ ਲਈ ਸਕੂਲ ਭੇਜਦੇ ਹਨ। ਮਾਪੇ ਅਧਿਆਪਕਾਂ ‘ਤੇ ਭਰੋਸਾ ਕਰਦੇ ਹਨ ਕਿ ਉਹ ਉਨ੍ਹਾਂ ਦੇ ਬੱਚਿਆਂ ਦੀ ਦੇਖਭਾਲ ਕਰਨਗੇ ਅਤੇ ਉਨ੍ਹਾਂ ਨੂੰ ਵਧੀਆ ਸਿੱਖਿਆ ਦੇਣਗੇ। ਪਰ ਇਸ ਦੇ ਉਲਟ ਹਰਿਆਣਾ ਦੇ ਪੰਚਕੂਲਾ ਦੇ ਇੱਕ ਸਰਕਾਰੀ ਸਕੂਲ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਸਰਕਾਰੀ ਸਕੂਲ ਦਾ ਅਧਿਆਪਕ ਇੱਕ ਮਾਸੂਮ ਬੱਚੀ ਦੀ ਬੇਰਹਿਮੀ ਨਾਲ ਕੁੱਟਮਾਰ ਕਰ ਰਿਹਾ ਹੈ।
ਪੰਚਕੂਲਾ ਦੇ ਸਰਕਾਰੀ ਸਕੂਲ ਦੇ ਅਧਿਆਪਕ ਨੇ ਛੋਟੀ ਬੱਚੀ ਨੂੰ ਬੜੀ ਬੇਰਹਿਮੀ ਨਾਲ ਕੁੱਟਿਆ ਹੈ। ਅਧਿਆਪਕ ਨੇ ਬੱਚੀ ਨੂੰ 10 ਤੋਂ 12 ਥੱਪੜ ਮਾਰੇ ਅਤੇ ਉਹ ਜ਼ਮੀਨ ‘ਤੇ ਡਿੱਗ ਗਈ ਅਤੇ ਅਧਿਆਪਕ ਉਸ ਨੂੰ ਮੁੜ ਇਕ ਹੱਥ ਨਾਲ ਚੁੱਕ ਕੇ ਵਾਪਸ ਸਕੂਲ ਲੈ ਜਾਂਦਾ ਹੈ।
ਅਧਿਆਪਕ ਦੀ ਬੇਰਹਿਮੀ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਪੰਚਕੂਲਾ ਦੇ ਸੈਕਟਰ-2 ਦੇ ਸਰਕਾਰੀ ਪ੍ਰਾਇਮਰੀ ਸਕੂਲ ਦਾ ਦੱਸਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕੇ ਇਹ ਵੀਡੀਓ ਮੰਗਲਵਾਰ ਦਾ ਹੈ ਜਿਸ ‘ਚ ਇੱਕ ਅਧਿਆਪਕ ਵੱਲੋਂ ਇੱਕ ਮਾਸੂਮ ਬੱਚੀ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਸਿੱਖਿਆ ਵਿਭਾਗ ਹਰਕਤ ‘ਚ ਆ ਗਿਆ ਹੈ।
ਪੰਚਕੂਲਾ ਸੈਕਟਰ 2 ਵਿੱਚ ਇੱਕ ਅਧਿਆਪਕ ਵੱਲੋਂ ਵਿਦਿਆਰਥਣ ਨਾਲ ਕੁੱਟਮਾਰ ਕਰਨ ਦੀ ਵੀਡੀਓ ਵਾਇਰਲ ਹੋਣ ਦੇ ਮਾਮਲੇ ਵਿੱਚ ਪੰਚਕੂਲਾ ਸਿੱਖਿਆ ਵਿਭਾਗ ਦੇ ਡਿਪਟੀ ਡੀਈਓ ਸਤਪਾਲ ਕੌਸ਼ਿਕ ਨੇ ਕਿਹਾ ਕਿ ਉਨ੍ਹਾਂ ਨੇ ਵੀਡੀਓ ਦੇਖੀ ਹੈ ਅਤੇ ਜਲਦੀ ਹੀ ਅਧਿਆਪਕ ਨਾਲ ਕੁੱਟਮਾਰ ਕਰਨ ਵਾਲੇ ਅਧਿਆਪਕ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕਿਸੇ ਵੀ ਵਿਦਿਆਰਥੀ ਨਾਲ ਸਰੀਰਕ ਜ਼ੁਲਮ ਕਰਨ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ ਅਤੇ ਜੋ ਵੀਡਿਓ ਸਾਹਮਣੇ ਆਈਆਂ ਹਨ, ਉਨ੍ਹਾਂ ਦੇ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾਵੇਗੀ।
ਦੱਸਿਆ ਜਾ ਰਿਹਾ ਹੈ ਕਿ ਅਧਿਆਪਕ ਜੇਬੀਟੀ ਅਧਿਆਪਕ ਹੈ ਅਤੇ ਛੁੱਟੀ ‘ਤੇ ਚੱਲ ਰਿਹਾ ਹੈ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਲੋਕਾਂ ‘ਚ ਗੁੱਸਾ ਹੈ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਸਕੂਲ ਟੀਚਰ ਮਾਸੂਮ ਬੱਚੀ ਨੂੰ ਬੁਰੀ ਤਰ੍ਹਾਂ ਥੱਪੜ ਮਾਰ ਕੇ ਵਾਪਸ ਲੈ ਜਾਂਦਾ ਹੈ।